18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਾਬਕਾ ਮੰਤਰੀ ਵਿਜੇ ਸਿੰਗਲਾ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ਦੀ ਸੁਣਵਾਈ ਮਾਰਚ 2027 ਤੱਕ ਟਲੀ

ਐੱਸ.ਏ.ਐੱਸ. ਨਗਰ, 18 ਨਵੰਬਰ (ਕਪਿਲ ਵਧਵਾ) - ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਵਾਂ...

ਅਜੀਤ ਡੈਸਕ 18-11-2026

ਐੱਸ.ਏ.ਐੱਸ. ਨਗਰ, 18 ਨਵੰਬਰ (ਕਪਿਲ ਵਧਵਾ) - ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਖ਼ਿਲਾਫ਼ ਦਰਜ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਅੱਜ ਬੁੱਧਵਾਰ ਨੂੰ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿਖੇ ਕੈਂਸਲੇਸ਼ਨ ਰਿਪੋਰਟ ਮਾਮਲੇ ਤੇ ਸੁਣਵਾਈ ਹੋਣੀ ਸੀ। ਸੁਣਵਾਈ ਦੌਰਾਨ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਸ਼ਾਂਤ ਵਰਮਾ ਦੀ ਵਿਸ਼ੇਸ਼ ਅਦਾਲਤ ਨੂੰ ਸੂਚਿਤ ਕੀਤਾ ਗਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਵਿਸ਼ੇਸ਼ ਅਦਾਲਤ ਦੇ 4 ਨਵੰਬਰ 2026 ਦੇ ਹੁਕਮਾਂ ’ਤੇ ਰੋਕ ਲਗਾਈ ਗਈ ਹੈ। ਇਸ ਕਾਰਨ ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਮਾਰਚ 2027 ਵਿਚ ਹੋਵੇਗੀ। ਜ਼ਿਕਰਯੋਗ ਹੈ ਕਿ ਹਾਈ ਕੋਰਟ ਨੇ 16 ਨਵੰਬਰ ਨੂੰ ਜਾਰੀ ਹੁਕਮਾਂ ਵਿਚ ਮੁਹਾਲੀ ਅਦਾਲਤ ਵਲੋਂ ਐੱਫ.ਐੱਸ.ਐੱਲ. ਦੀ ਤਤਕਾਲੀ ਸਹਾਇਕ ਨਿਰਦੇਸ਼ਕ ਡਾ. ਸੰਦੀਪ ਕੌਰ ਨੂੰ ਭਾਰਤੀ ਸਬੂਤ ਐਕਟ ਦੀ ਧਾਰਾ 165 ਤਹਿਤ ਤਲਬ ਕਰਨ ਦੇ ਹੁਕਮਾਂ ਦੀ ਕਾਰਵਾਈ ’ਤੇ ਅਗਲੀ ਸੁਣਵਾਈ ਤੱਕ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ 4 ਨਵੰਬਰ ਨੂੰ ਕੈਂਸਲੇਸ਼ਨ ਰਿਪੋਰਟ ’ਤੇ ਫ਼ੈਸਲਾ ਟਾਲਦਿਆਂ ਡਾ. ਸੰਦੀਪ ਕੌਰ ਨੂੰ ਰਿਕਾਰਡ ਸਮੇਤ 18 ਨਵੰਬਰ ਲਈ ਤਲਬ ਕੀਤਾ ਸੀ। ਅੱਜ ਮੁਹਾਲੀ ਅਦਾਲਤ ਵਿਖੇ ਸਾਬਕਾ ਮੰਤਰੀ ਵਿਜੇ ਸਿੰਗਲਾ ਦੀ ਆਵਾਜ਼ ਦੇ ਨਮੂਨੇ ਦੀ ਪਛਾਣ ਕਰਨ ਵਾਲੀ ਰਿਪੋਰਟ ਸੰਬੰਧੀ ਅਹਿਮ ਗਵਾਹੀ ਦਰਜ ਕਰਵਾਉਣ ਲਈ ਐਫ.ਐਸ.ਐਲ. ਅਧਿਕਾਰੀ ਸੰਦੀਪ ਕੌਰ ਨੇ ਆਉਣਾ ਸੀ। ਪ੍ਰੰਤੂ ਵਿਜੇ ਸਿੰਗਲਾ ਵਲੋਂ ਹਾਈ ਕੋਰਟ ਵਿਚ ਮੁਹਾਲੀ ਅਦਾਲਤ ਦੇ ਇਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ। ਸਿੰਗਲਾ ਦੇ ਵਕੀਲ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਇਸ ਕਾਰਵਾਈ 'ਤੇ ਅੰਤਰਿਮ ਰੋਕ ਲਗਾ ਦਿੱਤੀ ਸੀ। ਹੁਣ ਹਾਈ ਕੋਰਟ ਦੀ ਰੋਕ ਕਾਰਨ ਕੈਂਸਲੇਸ਼ਨ ਰਿਪੋਰਟ ਅਤੇ ਮੁੱਖ ਮਾਮਲੇ ’ਤੇ ਫ਼ੈਸਲੇ ਲਈ ਦੋਨਾਂ ਧਿਰਾਂ ਨੂੰ ਹੋਰ ਉਡੀਕ ਕਰਨੀ ਪਵੇਗੀ।

ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਣਗੇ ਸ੍ਰੀ ਕਰਤਾਰਪੁਰ ਸਾਹਿਬ, ਵਿਦੇਸ਼ ਮੰਤਰਾਲੇ ਤੋਂ ਮੰਗੀ ਇਜਾਜ਼ਤ ਅਗਲੀ ਖ਼ਬਰ ਨੌਜਵਾਨ ਵਲੋਂ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ