ਕੈਨੇਡਾ, 20 ਨਵੰਬਰ- ਕੈਨੇਡਾ ਦੀ ਸਰਕਾਰ ਨੇ ਗੈਂਗਸਟਰ ਗੋਲਡੀ ਬਰਾੜ ਲਈ 250,000 ਕੈਨੇਡੀਅਨ ਡਾਲਰ (ਲਗਭਗ 1.62 ਕਰੋੜ ਰੁਪਏ) ਦਾ ਇਨਾਮ ਐਲਾਨਿਆ ਹੈ, ਜੋ ਕਿ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਕਈ ਮਾਮਲਿਆਂ ਵਿਚ ਭਾਰਤ ਵਿਚ ਲੋੜੀਂਦਾ ਹੈ।
ਇਹ ਇਨਾਮ ਉਸ ਵਿਅਕਤੀ ਨੂੰ ਦਿੱਤਾ ਜਾਵੇਗਾ, ਜੋ ਉਸ ਦੀ ਗ੍ਰਿਫ਼ਤਾਰੀ ਲਈ ਭਰੋਸੇਯੋਗ ਜਾਣਕਾਰੀ ਪ੍ਰਦਾਨ ਕਰੇਗਾ। ਗੋਲਡੀ, ਜੋ ਭਾਰਤ ਤੋਂ ਭੱਜ ਗਿਆ ਹੈ, ਹੁਣ ਕੈਨੇਡਾ ਦੀ ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿਚ ਸਿਖਰ 'ਤੇ ਹੈ। ਕੈਨੇਡਾ ਦੇ ਇਕ ਪ੍ਰੋਗਰਾਮ ਵਿਚ ਇਸ ਇਨਾਮ ਦਾ ਐਲਾਨ ਕੀਤਾ। ਇਹ ਪ੍ਰੋਗਰਾਮ ਭਗੌੜਿਆਂ ਨੂੰ ਫੜਨ ਵਿਚ ਮਦਦ ਕਰਨ ਲਈ ਪੁਲਿਸ ਨਾਲ ਕੰਮ ਕਰਦਾ ਹੈ। ਇਨਾਮ ਦਾ ਐਲਾਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਅਮਰੀਕੀ ਐਫ.ਬੀ.ਆਈ. ਨੇ ਗੋਲਡੀ ਨੂੰ ਵੀ 10 ਸਭ ਤੋਂ ਵੱਧ ਲੋੜੀਂਦੇ ਭਗੌੜਿਆਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਹੈ।
ਸਰਕਾਰ ਨੇ ਜਨਤਾ ਨੂੰ ਗੋਲਡੀ ਬਰਾੜ ਬਾਰੇ ਭਰੋਸੇਯੋਗ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਉਸ ਦੀ ਗ੍ਰਿਫਤਾਰੀ ਤੱਕ ਪਹੁੰਚਾਉਣ ਵਾਲੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 250,000 ਕੈਨੇਡੀਅਨ ਡਾਲਰ ਦਾ ਇਨਾਮ ਮਿਲੇਗਾ। ਇਹ ਇਨਾਮ 2 ਨਵੰਬਰ, 2027 ਤੱਕ ਵੈਧ ਰਹੇਗਾ। ਕੈਨੇਡੀਅਨ ਪੁਲਿਸ ਅਜੇ ਤੱਕ ਗੋਲਡੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।
ਅਮਰੀਕੀ ਜਾਂਚ ਏਜੰਸੀ, ਐਫ.ਬੀ.ਆਈ. ਨੇ ਗੋਲਡੀ ਬਰਾੜ ਲਈ 1 ਮਿਲੀਅਨ ਅਮਰੀਕੀ ਡਾਲਰ (ਲਗਭਗ 9.32 ਕਰੋੜ ਰੁਪਏ) ਦੇ ਇਨਾਮ ਦਾ ਵੀ ਐਲਾਨ ਕੀਤਾ ਹੈ। 28 ਸਤੰਬਰ ਨੂੰ ਐਫ.ਬੀ.ਆਈ. ਨੇ ਉਸ ਨੂੰ 10 ਮੋਸਟ ਵਾਂਟੇਡ ਭਗੌੜਿਆਂ ਦੀ ਆਪਣੀ ਸੂਚੀ ਵਿਚ ਸ਼ਾਮਿਲ ਕੀਤਾ। ਏਜੰਸੀ ਨੇ ਕਿਹਾ ਸੀ ਕਿ ਇਹ ਰਕਮ ਉਸ ਵਿਅਕਤੀ ਨੂੰ ਦਿੱਤੀ ਜਾਵੇਗੀ ਜੋ ਗੋਲਡੀ ਨੂੰ ਫੜਨ ਵਿਚ ਮਦਦਗਾਰ ਜਾਣਕਾਰੀ ਪ੍ਰਦਾਨ ਕਰਦਾ ਹੈ।