22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਅਸੀਂ ਸਭ ਇਕ ਰਹਾਂਗੇ, ਤਾਂ ਹੀ ਦੇਸ਼, ਸੰਸਕ੍ਰਿਤੀ ਅਤੇ ਪਰੰਪਰਾਵਾਂ ਦਾ ਉਦਾਰ ਹੋਵੇਗਾ- ਬਾਬਾ ਬਾਗੇਸ਼ਵਰ'

ਪਠਾਨਕੋਟ, 22 ਨਵੰਬਰ (ਵਿਨੋਦ)- ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਪਠਾਨਕੋਟ ਦੌਰੇ ਦੌਰਾਨ ਸਨਾਤਨ...

ਅਜੀਤ ਡੈਸਕ 22-11-2026

ਪਠਾਨਕੋਟ, 22 ਨਵੰਬਰ (ਵਿਨੋਦ)- ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੇ ਪਠਾਨਕੋਟ ਦੌਰੇ ਦੌਰਾਨ ਸਨਾਤਨ ਸੰਸਕ੍ਰਿਤੀ ਦੀ ਏਕਤਾ, ਧਰਮ ਪਰਿਵਰਤਨ ਅਤੇ ਨਸ਼ਾ ਮੁਕਤੀ ਵਰਗੇ ਅਹਿਮ ਮੁੱਦਿਆਂ 'ਤੇ ਬੇਬਾਕੀ ਨਾਲ ਆਪਣੀ ਗੱਲ ਰੱਖੀ। ਆਪਣੀ ਕਥਾ ਦੇ ਸਿਲਸਿਲੇ ਵਿਚ ਪਠਾਨਕੋਟ ਪਹੁੰਚੇ ਧੀਰੇਂਦਰ ਸ਼ਾਸਤਰੀ ਨੇ ਸਮਾਜ ਨੂੰ ਇੱਕਜੁੱਟ ਰਹਿਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅਸੀਂ ਸਭ ਇਕ ਰਹਾਂਗੇ, ਤਾਂ ਹੀ ਦੇਸ਼, ਸੰਸਕ੍ਰਿਤੀ ਅਤੇ ਪਰੰਪਰਾਵਾਂ ਦਾ ਉਦਾਰ ਹੋਵੇਗਾ।

ਧੀਰੇਂਦਰ ਸ਼ਾਸਤਰੀ ਪਠਾਨਕੋਟ ਦੇ ਤਿੰਨ ਦਿਨਾਂ ਪ੍ਰਵਾਸ 'ਤੇ ਪਹੁੰਚੇ ਹਨ। ਦੇਰ ਰਾਤ ਪਠਾਨਕੋਟ ਪਹੁੰਚੇ ਸ਼ਾਸਤਰੀ ਪੱਡੀਆਂ ਲਾਹੜੀ ਵਿਚ ਰੁਕਣਗੇ ਅਤੇ ਅਗਲੇ ਤਿੰਨ ਦਿਨ ਰੋਜ਼ਾਨਾ ਪਠਾਨਕੋਟ ਦੇ ਲਮੀਨੀ ਦੇ ਮਲਟੀਪਰਪਜ਼ ਖੇਡ ਸਟੇਡੀਅਮ ਵਿਚ ਹਨੂੰਮਤ ਕਥਾ ਅਤੇ ਦਿਵਿਆ ਦਰਬਾਰ ਲਗਾਉਣਗੇ। ਮੰਗਲਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੀ ਦਿਵਿਆ ਦਰਬਾਰ ਵਿਚ ਸ਼ਿਰਕਤ ਕਰਨਗੇ।

ਪੰਡਿਤ ਧੀਰੇਂਦਰ ਸ਼ਾਸਤਰੀ ਨੇ ਹਿੰਦੂ-ਸਿੱਖ ਏਕਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਿੰਦੂ ਅਤੇ ਸਿੱਖ ਦੋ ਵੱਖ-ਵੱਖ ਨਹੀਂ ਬਲਕਿ ਇਕ ਹੀ ਹਨ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀ ਮਹਿਮਾ, ਗੁਰੂ ਪਰੰਪਰਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਿਮਾ ਨਿਰੰਤਰ ਬਣੀ ਰਹੇ, ਇਹੀ ਸਾਡਾ ਮੁੱਖ ਸੰਦੇਸ਼ ਹੈ। 'ਵਸੁਧੈਵ ਕੁਟੁੰਬਕਮ' ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿਚ ਸਨਾਤਨ ਸੰਸਕ੍ਰਿਤੀ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਲੈ ਕੇ ਆਉਂਦੇ ਰਹਿੰਦੇ ਹਨ, ਤਾਂ ਜੋ ਸਾਰੇ ਲੋਕ ਆਪਸੀ ਭੇਦਭਾਵ ਭੁੱਲ ਕੇ ਭਰਾਵਾਂ ਵਾਂਗ ਰਹਿਣ।

ਪਿਛਲੇ ਲੁਧਿਆਣਾ ਪ੍ਰਵਾਸ ਦੌਰਾਨ ਸ਼ਾਹੀ ਇਮਾਮ ਵਲੋਂ ਧਰਮ ਪਰਿਵਰਤਨ ਦੇ ਮੁੱਦੇ 'ਤੇ ਮੁਆਫ਼ੀ ਮੰਗਣ ਦੀ ਗੱਲ ਨੂੰ ਲੈ ਕੇ ਧੀਰੇਂਦਰ ਸ਼ਾਸਤਰੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਤਦ ਵੀ ਧਰਮ ਪਰਿਵਰਤਨ ਰੋਕਣ ਦੀ ਗੱਲ ਕਹੀ ਸੀ ਅਤੇ ਅੱਜ ਵੀ ਇਹੀ ਕਹਿੰਦੇ ਹਨ ਕਿ ਸੰਵਿਧਾਨ ਦੇ ਦਾਇਰੇ ਵਿਚ ਰਹਿ ਕੇ ਧਰਮ ਪਰਿਵਰਤਨ ਖ਼ਿਲਾਫ਼ ਕਾਨੂੰਨ ਬਣਨਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਭ ਜਾਂ ਲਾਲਚ ਦੇ ਕੇ ਕਿਸੇ ਦਾ ਵੀ ਧਰਮ ਪਰਿਵਰਤਨ ਨਹੀਂ ਹੋਣਾ ਚਾਹੀਦਾ ਅਤੇ ਇਸ ਖ਼ਿਲਾਫ਼ ਸਭ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ।

ਹਾਲਾਂਕਿ, ਜਦੋਂ ਉਨ੍ਹਾਂ ਤੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਵੱਲੋਂ ਪਠਾਨਕੋਟ ਤੋਂ ਸਿੱਧਾ ਪਾਕਿਸਤਾਨ ਚਲੇ ਜਾਣ 'ਤੇ ਦਿੱਤੇ ਬਿਆਨ 'ਤੇ ਸਵਾਲ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਇਹ ਕਹਿੰਦਿਆਂ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਅਸੀਂ ਭਾਰਤ ਵਾਲੇ ਹਾਂ ਅਤੇ ਰਾਜਨੇਤਾਵਾਂ ਦੇ ਬਿਆਨਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੰਦੇ।

ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਅਤੇ ਸਰਕਾਰਾਂ ਦੇ ਯਤਨਾਂ 'ਤੇ ਪੁੱਛੇ ਸਵਾਲ ਦੇ ਜਵਾਬ ਵਿਚ ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਨਸ਼ਾ ਛੁਡਾਉਣ ਲਈ ਅਧਿਆਤਮ ਹੀ ਸਭ ਤੋਂ ਕਾਰਗਰ ਰਸਤਾ ਹੈ।

ਉਨ੍ਹਾਂ ਸਮਝਾਇਆ ਕਿ ਵਿਅਕਤੀ ਨੂੰ ਪ੍ਰੇਰਨਾ ਅਤੇ ਉਤਸ਼ਾਹ ਤੋਂ ਬਾਅਦ ਆਤਮ-ਬੋਧ (ਅਹਿਸਾਸ) ਦੀ ਲੋੜ ਹੁੰਦੀ ਹੈ, ਜੋ ਕੇਵਲ ਅਧਿਆਤਮ ਤੋਂ ਹੀ ਸੰਭਵ ਹੈ। ਜਦੋਂ ਵਿਅਕਤੀ ਨੂੰ ਅੰਦਰੋਂ ਇਹ ਬੋਧ ਹੋ ਜਾਂਦਾ ਹੈ, ਤਦ ਹੀ ਉਹ ਨਸ਼ੇ ਵਰਗੀਆਂ ਬੁਰਾਈਆਂ ਤੋਂ ਸਥਾਈ ਤੌਰ 'ਤੇ ਦੂਰ ਹੋ ਸਕਦਾ ਹੈ।

ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਐਸ.ਕੇ.ਐਸ. ਚੈਰੀਟੇਬਲ ਹਸਪਤਾਲ ਮੌੜੇ ਖੁਰਦ ਵਿਖੇ ਧਾਰਮਿਕ ਸਮਾਗਮ ਅਤੇ ਮੁਫ਼ਤ ਮੈਡੀਕਲ ਕੈਂਪ...