ਛੇਹਰਟਾ (ਅੰਮ੍ਰਿਤਸਰ), 24 ਨਵੰਬਰ (ਪੱਤਰ ਪ੍ਰੇਰਕ) ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਗੁਰੂ ਕੀ ਵਡਾਲੀ ਮੰਦਰ ਵਾਲੀ ਗਲੀ ਵਿਚ ਦਿਨ-ਦਿਹਾੜੇ ਹੋਈ ਫਾਇਰਿੰਗ ਦੀ ਘਟਨਾ ਨੇ ਪੂਰੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬਾਈਕ 'ਤੇ ਸਵਾਰ ਹੋ ਕੇ ਆਏ 2 ਅਣਪਛਾਤੇ ਹਮਲਾਵਰਾਂ ਨੇ ਗਲੀ ਵਿਚ ਖੜ੍ਹੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀ ਚਲਾ ਦਿੱਤੀ। ਇਸ ਹਮਲੇ ਵਿਚ ਗੋਲੀ ਨੌਜਵਾਨ ਦੇ ਪੇਟ ਤੋਂ ਆਰ-ਪਾਰ ਹੋ ਕੇ ਉਸ ਦੇ ਪਿੱਛੇ ਖੜ੍ਹੀ ਇਕ ਬਜ਼ੁਰਗ ਔਰਤ ਨੂੰ ਜਾ ਲੱਗੀ। ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਦੋਵਾਂ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ,ਜਿੱਥੇ ਇਲਾਜ ਦੌਰਾਨ ਬਜ਼ੁਰਗ ਔਰਤ ਨੇ ਦਮ ਤੋੜ ਦਿੱਤਾ। ਮ੍ਰਿਤਕ ਔਰਤ ਦੀ ਪਛਾਣ 65 ਸਾਲਾ ਦਲਬੀਰ ਕੌਰ ਵਜੋਂ ਹੋਈ ਹੈ।
ਘਟਨਾ ਦੀ ਜਾਣਕਾਰੀ ਦਿੰਦਿਆਂ ਹਸਪਤਾਲ ਵਿਚ ਜ਼ੇਰੇ-ਇਲਾਜ ਜ਼ਖ਼ਮੀ ਨੌਜਵਾਨ ਸਿਮਰਜੀਤ ਸਿੰਘ ਉਰਫ਼ ਗੋਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਨਹਾ-ਧੋ ਕੇ ਆਪਣੀ ਗਲੀ ਵਿਚ ਖੜ੍ਹਾ ਸੀ। ਇਸੇ ਦੌਰਾਨ ਮੋਟਰਸਾਈਕਲ 'ਤੇ ਦੋ ਅਣਪਛਾਤੇ ਨੌਜਵਾਨ ਉੱਥੇ ਆਏ,ਪਹਿਲਾਂ ਤਾਂ ਉਨ੍ਹਾਂ ਨੇ ਹਾਲ-ਚਾਲ ਪੁੱਛਿਆ ਤੇ ਅੱਗੇ ਨਿਕਲ ਗਏ, ਪਰ ਕੁਝ ਹੀ ਦੇਰ ਬਾਅਦ ਉਹ ਵਾਪਸ ਪਰਤੇ ਤੇ ਇਕ ਨੌਜਵਾਨ ਬਾਈਕ 'ਤੇ ਹੀ ਬੈਠਾ ਰਿਹਾ, ਜਦੋਂਕਿ ਦੂਜਾ ਨੌਜਵਾਨ ਪੈਦਲ ਚੱਲ ਕੇ ਉਸ ਦੇ ਕੋਲ ਆਇਆ ਅਤੇ ਕਿਸੇ ਵਿਅਕਤੀ ਬਾਰੇ ਪੁੱਛਣ ਲੱਗਾ। ਜਦੋਂ ਮੈ ਉਸ ਬਾਰੇ ਅਣਜਾਣਤਾ ਪ੍ਰਗਟਾਈ, ਤਾਂ ਹਮਲਾਵਰ ਨੇ ਅਚਾਨਕ ਪਿਸਤੌਲ ਕੱਢ ਕੇ ਮੇਰੇ ਪੇਟ ਵਿਚ ਗੋਲੀ ਮਾਰ ਦਿੱਤੀ। ਪੀੜਿਤ ਸਿਮਰਜੀਤ ਨੇ ਦੱਸਿਆ ਕਿ ਵਡਾਲੀ ਦੇ ਇਨ੍ਹਾਂ ਨੌਜਵਾਨਾਂ ਨਾਲ ਉਸ ਦੀ ਪਹਿਲਾਂ ਤੋਂ ਹੀ ਰੰਜਿਸ਼ ਤੇ ਲੜਾਈ-ਝਗੜਾ ਚੱਲ ਰਿਹਾ ਸੀ।
ਦੂਜੇ ਪਾਸੇ, ਇਸ ਗੋਲੀਬਾਰੀ ਦੀ ਲਪੇਟ ਵਿਚ ਆ ਕੇ ਜਾਨ ਗੁਆਉਣ ਵਾਲੀ ਬਜ਼ੁਰਗ ਔਰਤ ਦਲਬੀਰ ਕੌਰ ਦੇ ਪਰਿਵਾਰ ਵਿਚ ਮਾਤਮ ਪਸਰਿਆ ਹੋਇਆ ਹੈ। ਮ੍ਰਿਤਕਾ ਦੀ ਨੂੰਹ ਦਮਨਪ੍ਰੀਤ ਕੌਰ ਤੇ ਪੋਤੀ ਹਰਲੀਨ ਕੌਰ ਨੇ ਦੱਸਿਆ ਕਿ ਦੁਪਹਿਰ ਕਰੀਬ ਪੌਣੇ ਬਾਰਾਂ ਵਜੇ ਉਹ ਘਰ ਦੇ ਬਾਹਰ ਮੌਜੂਦ ਸਨ। ਸਿਮਰਜੀਤ ਉਰਫ਼ ਗੋਲਾ ਉਨ੍ਹਾਂ ਦੇ ਭਰਾ ਦਾ ਦੋਸਤ ਹੈ ਅਤੇ ਉਹ ਵੀ ਉੱਥੇ ਨੇੜੇ ਹੀ ਖੜ੍ਹਾ ਸੀ। ਹਮਲਾਵਰਾਂ ਵਲੋਂ ਚਲਾਈ ਗਈ ਗੋਲੀ ਸਿਮਰਜੀਤ ਦੇ ਪੇਟ ਤੋਂ ਆਰ-ਪਾਰ ਨਿਕਲ ਕੇ ਕੋਲ ਹੀ ਖੜ੍ਹੀ ਦਾਦੀ ਦਲਬੀਰ ਕੌਰ ਦੇ ਪੱਟ ਵਿਚ ਜਾ ਲੱਗੀ। ਗੋਲੀ ਲੱਗਣ ਕਾਰਨ ਉਨ੍ਹਾਂ ਦਾ ਕਾਫ਼ੀ ਖ਼ੂਨ ਵਹਿ ਗਿਆ ਸੀ ਤੇ ਜ਼ਖਮੀ ਹਾਲਤ ਵਿਚ ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਡੀ.ਸੀ.ਪੀ. ਸਿਟੀ ਜਸਕਿਰਨ ਜੀਤ ਸਿੰਘ ਤੇਜਾ ਪੁੱਜੇ ਤੇ ਉਨਾਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਥਾਣਾ ਛੇਹਰਟਾ ਦੇ ਗੁਰੂ ਕੀ ਵਡਾਲੀ ਖੇਤਰ ਵਿਚ ਇਹ ਫਾਇਰਿੰਗ ਹੋਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਹਮਲਾਵਰਾਂ ਦੀ ਗੋਲੀ ਪਹਿਲਾਂ ਸਿਮਰਜੀਤ ਸਿੰਘ ਨੂੰ ਲੱਗੀ ਅਤੇ ਫਿਰ ਆਰ-ਪਾਰ ਹੋ ਕੇ ਕੋਲ ਖੜ੍ਹੀ ਬਜ਼ੁਰਗ ਔਰਤ ਨੂੰ ਲੱਗ ਗਈ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਡੀ.ਸੀ.ਪੀ. ਤੇਜਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਜ਼ਖ਼ਮੀ ਨੌਜਵਾਨ ਸਿਮਰਜੀਤ ਸਿੰਘ ਦਾ ਅਪਰਾਧਿਕ ਰਿਕਾਰਡ ਰਿਹਾ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਐਨ.ਡੀ.ਪੀ.ਐਸ. ਐਕਟ ਅਤੇ ਧਾਰਾ 307 (ਇਰਾਦਾ-ਏ-ਕਤਲ) ਤਹਿਤ ਮੁਕੱਦਮੇ ਦਰਜ ਹਨ।
ਫਿਲਹਾਲ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਜ਼ਖ਼ਮੀ ਨੌਜਵਾਨ ਵਲੋਂ ਦੱਸੇ ਗਏ ਸ਼ੱਕੀ ਵਿਅਕਤੀਆਂ ਦੇ ਆਧਾਰ 'ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।
ਤਾਜ਼ਾ ਖ਼ਬਰਾਂ
Free
ਬਾਈਕ ਸਵਾਰ ਦੋ ਹਮਲਾਵਰਾਂ ਨੇ ਚਲਾਈ ਗੋਲੀ, 65 ਸਾਲਾ ਔਰਤ ਦੀ ਮੌਤ
ਛੇਹਰਟਾ (ਅੰਮ੍ਰਿਤਸਰ), 24 ਨਵੰਬਰ (ਪੱਤਰ ਪ੍ਰੇਰਕ) ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕਾ ਗੁਰੂ ਕੀ ਵਡਾਲੀ ਮੰਦਰ ਵਾਲੀ...
ਅਜੀਤ ਡੈਸਕ
24-11-2026