27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜਗਰਾਉਂ ’ਚ 40 ਸਾਲਾ ਵਿਅਕਤੀ ਦਾ ਤਲਵਾਰਾਂ ਨਾਲ ਵੱਢ ਕੇ ਕਤਲ

ਜਗਰਾਉਂ (ਲੁਧਿਆਣਾ), 27 ਨਵੰਬਰ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੇ ਅਗਵਾੜ ਲੋਪੋ ਇਲਾਕੇ ਵਿੱਚ ਦੋ ਕੁੜੀਆਂ ਵਿਚਾਲੇ ਪਾਰਲਰ ’ਤੇ ਹੋਈ ਮਾਮੂਲੀ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ। ਇਸ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਇੱਕ ਘਰ ’ਤੇ..

ਅਜੀਤ ਡੈਸਕ 27-11-2026
10 ਤੋਂ 15 ਹਮਲਾਵਰਾਂ ਨੇ ਘਰ ’ਚ ਦਾਖ਼ਲ ਹੋ ਕੇ ਕੀਤਾ ਹਮਲਾ
ਪਾਰਲਰ ’ਚ ਦੋ ਕੁੜੀਆਂ ਵਿਚਾਲੇ ਹੋਈ ਤਕਰਾਰ ਨੇ ਧਾਰਿਆ ਖ਼ੂਨੀ ਰੂਪ, ਪਤੀ ਨੂੰ ਬਚਾਉਣ ਆਈ ਪਤਨੀ ਤੇ ਧੀ ’ਤੇ ਵੀ ਕੀਤਾ ਹਮਲਾ

ਜਗਰਾਉਂ (ਲੁਧਿਆਣਾ), 27 ਨਵੰਬਰ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੇ ਅਗਵਾੜ ਲੋਪੋ ਇਲਾਕੇ ਵਿੱਚ ਦੋ ਕੁੜੀਆਂ ਵਿਚਾਲੇ ਪਾਰਲਰ ’ਤੇ ਹੋਈ ਮਾਮੂਲੀ ਤਕਰਾਰ ਨੇ ਖ਼ੂਨੀ ਰੂਪ ਧਾਰ ਲਿਆ। ਇਸ ਰੰਜਿਸ਼ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਇੱਕ ਘਰ ’ਤੇ ਹਮਲਾ ਕਰ ਦਿੱਤਾ ਅਤੇ ਪਰਿਵਾਰ ਦੇ ਮੁਖੀ ਤੇਜਿੰਦਰ ਸਿੰਘ (40) ਦਾ ਤਲਵਾਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਵਿੱਚ ਪਰਿਵਾਰ ਦੇ ਹੋਰ ਮੈਂਬਰ ਵੀ ਜ਼ਖ਼ਮੀ ਹੋਏ ਦੱਸੇ ਜਾ ਰਹੇ ਹਨ।

ਮ੍ਰਿਤਕ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ 14 ਸਾਲਾ ਧੀ ਇਕ ਪਾਰਲਰ ਵਿਚ ਕੰਮ ਕਰਦੀ ਹੈ, ਜਿੱਥੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਇਕ ਸਹੇਲੀ ਨਾਲ ਤਕਰਾਰ ਹੋ ਗਈ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸੇ ਰੰਜਿਸ਼ ਕਾਰਨ ਦੂਜੀ ਕੁੜੀ ਨੇ ਆਪਣੇ ਦੋਸਤਾਂ ਨੂੰ ਬੁਲਾ ਕੇ ਉਨ੍ਹਾਂ ਦੇ ਘਰ ’ਤੇ ਹਮਲਾ ਕਰਵਾ ਦਿੱਤਾ।

ਸਰਬਜੀਤ ਕੌਰ ਅਨੁਸਾਰ ਕਰੀਬ 10 ਤੋਂ 15 ਨੌਜਵਾਨ ਤਲਵਾਰਾਂ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਪਹੁੰਚੇ। ਹਮਲਾਵਰਾਂ ਨੇ ਪਹਿਲਾਂ ਘਰ ਦੇ ਦਰਵਾਜ਼ੇ ’ਤੇ ਹਥਿਆਰਾਂ ਨਾਲ ਵਾਰ ਕੀਤੇ ਅਤੇ ਅੰਦਰ ਦਾਖ਼ਲ ਹੁੰਦਿਆਂ ਹੀ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੂੰ ਅਤੇ ਉਸ ਦੀ ਧੀ ਨੂੰ ਵੀ ਨਿਸ਼ਾਨਾ ਬਣਾਇਆ ਗਿਆ।

ਹਮਲਾਵਰ ਤੇਜਿੰਦਰ ਸਿੰਘ ਨੂੰ ਘਰੋਂ ਘੜੀਸ ਕੇ ਗਲੀ ਦੇ ਮੋੜ ਤੱਕ ਲੈ ਗਏ, ਜਿੱਥੇ ਉਸ ’ਤੇ ਤਲਵਾਰਾਂ ਨਾਲ ਕਈ ਵਾਰ ਕੀਤੇ ਗਏ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਦੱਸਿਆ ਜਾਂਦਾ ਹੈ ਕਿ ਤੇਜਿੰਦਰ ਸਿੰਘ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਸ ਦੇ ਪਰਿਵਾਰ ਵਿਚ 11 ਸਾਲ ਦਾ ਪੁੱਤਰ ਅਤੇ 14 ਸਾਲ ਦੀ ਧੀ ਹੈ। ਪਰਿਵਾਰ ਦੇ ਇਕਲੌਤੇ ਕਮਾਊ ਜੀਅ ਦੀ ਮੌਤ ਨਾਲ ਦੋਵੇਂ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਸੋਗ ਅਤੇ ਦਹਿਸ਼ਤ ਦਾ ਮਾਹੌਲ ਹੈ।

ਉੱਧਰ ਥਾਣਾ ਸਿਟੀ ਦੇ ਇੰਚਾਰਜ ਐੱਸ.ਆਈ. ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਕਰੀਬ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲੇ ਵਿਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ।

 
ਪਿਛਲੀ ਖ਼ਬਰ ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ’ਚ ਸਿਵਲ ਡਿਫੈਂਸ ਵਲੋਂ ਮੌਕ ਡਰਿੱਲ, ਐਮਰਜੈਂਸੀ ਹਾਲਾਤ ਨਾਲ ਨਜਿੱਠਣ ਦੇ ਸਿਖਾਏ ਗੁਰ ਅਗਲੀ ਖ਼ਬਰ ਐਚ.ਐੱਸ. ਭੁੱਲਰ ਰਿਸ਼ਵਤ ਮਾਮਲੇ ’ਚ ਈਡੀ ਦੀ ਵੱਡੀ ਕਾਰਵਾਈ, ਪੰਜਾਬ ਦੇ 4 ਸੀਨੀਅਰ ਆਈ.ਏ.ਐੱਸ ਅਧਿਕਾਰੀਆਂ ਨੂੰ ਸੰਮਨ