ਟਾਂਡਾ ਉੜਮੁੜ, 20 ਸਤੰਬਰ (ਭਗਵਾਨ ਸਿੰਘ ਸੈਣੀ)-ਸ਼ਹਿਰ ਟਾਂਡਾ ਉੜਮੁੜ ਅੰਦਰ ਜਿਥੇ ਸ਼ਹਿਰ ਦੇ ਲੋਕਾਂ ਲਈ ਟ੍ਰੈਫ਼ਿਕ ਸਮੱਸਿਆ, ਲੋਕਾਂ ਵਲੋਂ ਸ਼ਹਿਰ ਦੀਆਂ ਸੜਕਾਂ, ਚੌਕਾਂ ਅਤੇ ਬਾਜ਼ਾਰਾਂ ਅੰਦਰ ਕੀਤੇ ਨਾਜਾਇਜ਼ ਕਬਜ਼ੇ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਹਨ ਉਥੇ ਸ਼ਹਿਰ ਅੰਦਰ ਉੱਚੀ-ਉੱਚੀ ਆਵਾਜ਼ ਵਿਚ ਮਨਚਲੇ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਬਗੈਰ ਕਿਸੇ ਡਰ ਤੋਂ ਪਟਾਕੇ ਚਲਾ ਕੇ ਬਜ਼ੁਰਗਾਂ, ਬੱਚਿਆਂ, ਬਿਮਾਰ ਮਰੀਜ਼ਾਂ, ਦੁਕਾਨਦਾਰਾਂ ਤੇ ਸੜਕ 'ਤੇ ਚੱਲ ਰਹੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ | ਦੂਜੇ ਪਾਸੇ ਹਸਪਤਾਲਾਂ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਦਿਲ ਦੇ ਮਰੀਜ਼ਾਂ ਲਈ ਵੀ ਇਹ ਪਟਾਕੇ ਖ਼ਤਰਨਾਕ ਸਿੱਧ ਹੋ ਰਹੇ ਹਨ | ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਸਮੇਂ-ਸਮੇਂ ਸਿਰ ਕਿਸੇ ਵੀ ਤਰ੍ਹਾਂ ਦੇ ਸ਼ੋਰ ਪ੍ਰਦੂਸ਼ਣ ਰੋਕਣ ਲਈ ਸਖ਼ਤ ਕਾਰਵਾਈ ਕਰਕੇ ਰੋਕਣ ਦੇ ਆਦੇਸ਼ ਵੀ ਦਿੱਤੇ ਜਾਂਦੇ ਹਨ ਪਰ ਟਾਂਡਾ ਪੁਲਿਸ ਸ਼ਹਿਰ ਅੰਦਰ ਸ਼ੋਰ ਪ੍ਰਦੂਸ਼ਣ ਰੋਕਣ ਵਿਚ ਬੇਵੱਸ ਨਜ਼ਰ ਆ ਰਹੀ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮਨਚਲੇ ਨੌਜਵਾਨ ਸ਼ਹਿਰ ਅੰਦਰ ਹੀ ਮੋਟਰਸਾਈਕਲਾਂ ਦੇ ਪਟਾਕੇ ਨਹੀਂ ਚਲਾਉਂਦੇ ਸਗੋਂ ਜਿਥੇ ਪੁਲਿਸ ਨਾਕੇ ਵੀ ਲੱਗੇ ਹੁੰਦੇ ਹਨ ਉਥੇ ਵੀ ਪਟਾਕੇ ਚਲਾ ਕੇ ਲੰਘਦੇ ਹਨ ਪਰ ਇਨ੍ਹਾਂ ਪਟਾਕਿਆਂ ਦੀ ਆਵਾਜ਼ ਪੁਲਿਸ ਅਧਿਕਾਰੀਆਂ ਨੂੰ ਨਜ਼ਰ ਨਹੀਂ ਆਉਂਦੀ | ਸ਼ਹਿਰ ਦੀਆਂ ਸਵੈ ਸੇਵੀ ਸੰਸਥਾਵਾਂ, ਸ਼ਹਿਰ ਵਾਸੀਆਂ ਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਅਤੇ ਰਾਹਗੀਰਾਂ ਦੀ ਡੀ. ਸੀ. ਹੁਸ਼ਿਆਰਪੁਰ, ਐੱਸ. ਐੱਸ. ਪੀ. ਹੁਸ਼ਿਆਰਪੁਰ ਤੋਂ ਮੰਗ ਹੈ ਕਿ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦਾ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲਿਆਂ 'ਤੇ ਠੋਸ ਕਾਨੂੰਨੀ ਕਾਰਵਾਈ ਕੀਤੀ ਜਾਵੇ |