ਜਗਰਾਉਂ, 30 ਅਗਸਤ (ਵਿਨੋਦ ਕੁਮਾਰ)-ਆਲ ਇੰਡੀਆ ਸਾਈਕਲ ਮੈਨੂਫੈਕਚਰਿੰਗ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਗਮ ਲੁਧਿਆਣਾ ਵਿਚ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਐਡਮਿਨਿਸਟਰੇਟਰ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਵਿਚ ਜ਼ਿਲ੍ਹੇ ਦੇ 25 ਮੈਰੀਟੋਰੀਅਸ ਵਿਦਿਆਰਥੀਆਂ ਨੂੰ ਵਿੱਦਿਅਕ ਖੇਤਰ ਵਿਚ ਪ੍ਰਤੀਭਾ ਦਿਖਾਉਣ ਲਈ ਸਨਮਾਨਿਤ ਕੀਤਾ ਗਿਆ | ਇੰਨ੍ਹਾਂ ਵਿਚੋਂ ਤਿੰਨ ਵਿਦਿਆਰਥੀ ਸਰਕਾਰੀ ਸੀਨੀਅਰ ਸਕੂਲ ਆਫ ਐਮੀਨੈਂਸ ਜਗਰਾਉਂ ਦੇ ਸਨ, ਜਿੰਨ੍ਹਾਂ ਨੇ ਦਸਵੀਂ ਕਲਾਸ ਵਿਚ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ | ਮੁੱਖ ਮਹਿਮਾਨਾਂ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਿੱਖਿਆ ਹੀ ਸਫ਼ਲਤਾ ਦੀ ਕੁੰਜੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਇਸ ਮੌਕੇ ਪਿ੍ੰਸੀਪਲ ਡਾ. ਗੁਰਵਿੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਨੇ 629/650 (96.74 ਪ੍ਰਤੀਸ਼ਤ) ਅੰਕ ਲੈ ਕੇ ਪੰਜਾਬ ਵਿਚ 21ਵਾਂ (ਮੈਰਿਟ ਹੋਲਡਰ), ਅਸ਼ਵਨੀ ਸਿੰਘ ਨੇ 611/650 (94.0 ਪ੍ਰਤੀਸ਼ਤ) ਅੰਕ ਅਤੇ ਅੰਤਰਪ੍ਰੀਤ ਕੌਰ ਨੇ 588/650 (90.47 ਪ੍ਰਤੀਸ਼ਤ) ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਤੇ ਗਵਰਨਰ ਸਾਹਿਬ ਤੇ ਏ.ਆਈ.ਸੀ.ਐੱਮ.ਏ. ਤੋਂ ਇਨਾਮ ਵਜੋਂ ਸਾਈਕਲ ਪ੍ਰਾਪਤ ਕੀਤੇ | ਪਿ੍ੰਸੀਪਲ ਨੇ ਗਾਈਡ ਅਧਿਆਪਕਾ ਸ਼੍ਰ੍ਰੀਮਤੀ ਇੰਦੂ ਬਾਲਾ ਸਹਿਗਲ ਦਾ ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਦਿੱਤੇ ਗਏ ਵੱਡਮੁੱਲੇ ਮਾਰਗ ਦਰਸ਼ਨ ਲਈ ਧੰਨਵਾਦ ਕੀਤਾ |