ਕਾਂਗਰਸ ਸੰਗਠਨ ਦੀ ਮੀਟਿੰਗ 'ਚ ਜਗਰਾਉਂ ਕਾਂਗਰਸ ਦੀ ਧੜੇ੍ਹਬੰਦੀ ਖੁੱਲ੍ਹ ਕੇ ਸਾਹਮਣੇ ਆਈ
ਅਜੀਤ ਡੈਸਕ
31-08-2025
ਜਗਰਾਉਂ, 30 ਅਗਸਤ (ਗੁਰਦੀਪ ਸਿੰਘ ਮਲਕ)-ਕਾਂਗਰਸ ਹਾਈਕਮਾਂਡ ਵਲੋਂ ਪੰਜਾਬ 'ਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ 'ਚ ਕਾਂਗਰਸੀ ਆਗੂਆਂ ਨੂੰ ਇਕੱਠੇ ਕਰਨ ਦੀਆਂ ਜੀ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਪਰ ਇਸਦੇ ਬਾਵਜੂਦ ਕਾਂਗਰਸ ਦੇ ਆਗੂਆਂ ਦੀ ਧੜੇਬੰਦੀ ਰੁਕਣ ਦਾ ਨਾਮ ਨਹੀਂ ਲੈ ਰਹੀ | ਜਿਸਦੀ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਜਗਰਾਉਂ ਕਾਂਗਰਸੀਆਂ ਨੂੰ ਏਕੇ ਦਾ ਪਾਠ ਪੜ੍ਹਾਉਣ ਲਈ ਆਈ ਕਾਂਗਰਸ ਦੀ ਅਬਜ਼ਰਬਰ ਸ਼ਿਖਾ ਮੀਲ ਨਾਲ ਜਗਰਾਉਂ ਹਲਕੇ ਦੇ ਦੋ ਕਾਂਗਰਸੀ ਧੜਿਆਂ ਵਲੋਂ ਵੱਖੋ ਵੱਖਰੀ ਮੀਟਿੰਗ ਕੀਤੀ ਗਈ | ਜਿਥੇ ਕਾਂਗਰਸ 'ਚ ਸਾਬਕਾ ਵਿਧਾਇਕ ਜਗਤਾਰ ਸਿੰਘ ਹਿੱਸੋਵਾਲ ਵਲੋਂ ਆਪਣੇ ਹੱਕੀ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਜ਼ਿਲ੍ਹਾ ਅਬਜ਼ਰਬਰ ਨਾਲ ਹੋਟਲ ਫਾਈਵ ਰੀਵਰ ਵਿਖੇ ਮੀਟਿੰਗ ਕੀਤੀ ਗਈ, ਉਥੇ ਜਗਰਾਉਂ ਹਲਕੇ ਦੇ ਸ਼ਕਤੀਸ਼ਾਲੀ ਕਾਂਗਰਸੀ ਆਗੂਆਂ ਦੇ ਧੜੇ ਵਲੋਂ ਅਬਜ਼ਰਬਰ ਸ਼ਿਖਾ ਮੀਲ ਨਾਲ ਲੁਧਿਆਣਾ ਦੇ ਇਕ ਹੋਟਲ ਵਿਚ ਮੀਟਿੰਗ ਕੀਤੀ ਗਈ, ਜਿਥੇ ਉਨ੍ਹਾਂ ਆਪਣੇ ਧੜੇ ਦੇ ਆਗੂ ਨੂੰ ਜਗਰਾਉਂ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਜਗਰਾਉਂ ਹਲਕੇ ਦੇ ਲੋਕਾਂ ਦੀ ਰਾਇ ਦੱਸੀ | ਇਸ ਮੀਟਿੰਗ 'ਚ ਕਾਂਗਰਸ ਹਾਈਕਮਾਂਡ ਦੇ ਵੱਡੇ ਆਗੂਆਂ ਦੇ ਬੇਹੱਦ ਕਰੀਬੀ ਅਤੇ ਜਗਰਾਉਂ ਦੇ ਸੀਨੀਅਰ ਕਾਂਗਰਸੀ ਆਗੂ ਇੰਜਨੀਅਰ ਜਗਦੀਪ ਸਿੰਘ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸੁਖਵਿੰਦਰ ਸਿੰਘ ਸਿੱਧੂ, ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ, ਸਾਬਕਾ ਕੌਂਸਲ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਐੱਫ.ਸੀ.ਆਈ. ਅਲਾਈਡ ਯੂਨੀਅਨ ਦੇ ਸੂਬਾ ਪ੍ਰਧਾਨ ਮੇਸੀ ਸਹੋਤਾ, ਜਗਰਾਉਂ ਹਲਕਾ ਯੂਥ ਵਿੰਗ ਪ੍ਰਧਾਨ ਮਨੀ ਗਰਗ, ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਸੁਖਦੇਵ ਸਿੰਘ ਸ਼ੇਰਪੁਰ ਕਲਾਂ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਜਰਨੈਲ ਸਿੰਘ ਲੋਹਟ, ਕੌਂਸਲਰ ਸੰਜੂ ਕੱਕੜ ਆਦਿ ਹਾਜ਼ਰ ਸਨ |