15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਨਗਰ ਸੁਧਾਰ ਸਭਾ ਵਲੋਂ ਜਗਰਾਉਂ ਸ਼ਹਿਰ ਦੀਆਂ ਮੰਗਾਂ ਨੂੰ ਲੈ ਕੇ ਏ.ਡੀ.ਸੀ. ਨਾਲ ਮੀਟਿੰਗ

ਅਜੀਤ ਡੈਸਕ 31-08-2025
ਜਗਰਾਉਂ, 30 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਐੱਸ.ਡੀ.ਐੱਮ ਦਫ਼ਤਰ ਜਗਰਾਉਂ ਵਿਖੇ ਏ.ਡੀ.ਸੀ. ਸ਼ਹਿਰੀ ਵਿਕਾਸ ਰੁਪਿੰਦਰਪਾਲ ਸਿੰਘ ਅਤੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਜਗਰਾਉਂ ਸੁਖਦੇਵ ਸਿੰਘ ਰੰਧਾਵਾ ਨੇ ਨਗਰ ਸੁਧਾਰ ਸਭਾ ਦੇ ਅਹੁਦੇਦਾਰਾਂ ਨਾਲ ਸ਼ਹਿਰ ਦੀਆਂ ਭਖਦੀਆਂ ਮੰਗਾਂ ਮਸਲਿਆਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ | ਨਗਰ ਸੁਧਾਰ ਸਭਾ ਵਲੋਂ ਪ੍ਰਧਾਨ ਅਵਤਾਰ ਸਿੰਘ ਸਾਬਕਾ ਲੈਕਚਰਾਰ, ਕੰਵਲਜੀਤ ਖੰਨਾ ਸਕੱਤਰ, ਕਾ: ਗੁਰਮੇਲ ਸਿੰਘ ਰੂਮੀ, ਪਿ੍ਤਪਾਲ ਸਿੰਘ, ਜਗਜੀਤ ਸਿੰਘ ਕਲੇਰ ਆਦਿ ਸ਼ਾਮਿਲ ਹੋਏ | ਮੀਟਿੰਗ 'ਚ ਹਾਜ਼ਰ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੀ ਸਭ ਤੋਂ ਵੱਡੀ ਤੇ ਗੰਭੀਰ ਸਮੱਸਿਆ ਕੂੜੇ ਦੇ ਹੱਲ ਲਈ ਨਗਰ ਕੌਂਸਲ ਵਲੋ ਸ਼ਹਿਰ ਤੋਂ ਦੂਰ ਲਾਗਲੇ ਪਿੰਡ ਦੀ ਇਕ ਏਕੜ ਜ਼ਮੀਨ ਕਿਰਾਏ 'ਤੇ ਹਾਸਲ ਕਰਕੇ ਕੂੜਾ ਚੁੱਕਣ ਦਾ ਠੇਕਾ ਦੇ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਸ਼ਹਿਰ 'ਚ ਪਿਆ ਸਾਰਾ ਕੂੜਾ ਪੰਦਰਾਂ ਦਿਨ ਦੇ ਅੰਦਰ ਅੰਦਰ ਨਿਪਟਾ ਲਿਆ ਜਾਵੇਗਾ | ਉਸ ਥਾਂ ਤੱਕ ਕੂੜਾ ਪੂਰੀ ਤਰ੍ਹਾਂ ਢੱਕ ਕੇ ਲਿਜਾਇਆ ਜਾਵੇਗਾ ਅਤੇ ਉੱਥੇ ਹੀ ਅੱਡ-ਅੱਡ ਕਰਕੇ ਮਿੱਟੀ 'ਚ ਦੱਬ ਦਿੱਤਾ ਜਾਵੇਗਾ | ਸ਼ਹਿਰ ਦੇ ਪਾਣੀ ਦੇ ਨਿਕਾਸ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਕਮਲ ਚੌਂਕ ਅਤੇ ਪੁਰਾਣੀ ਮੰਡੀ ਇਲਾਕੇ 'ਚੋਂ ਪਾਣੀ ਦੇ ਨਿਕਾਸ ਲਈ ਸਰਕਾਰੀ ਸਟਾਰਮ ਪ੍ਰੋਜੈਕਟ ਮਨਜੂਰੀ ਦੀ ਅੰਤਿਮ ਸਟੇਜ਼ 'ਤੇ ਹੈ ਅਤੇ ਸਿਰਫ ਛੇ ਮਹੀਨੇ ਦੇ ਸਮੇਂ 'ਚ ਇਹ ਸਮੱਸਿਆ ਨਿਸ਼ਚਿਤ ਰੂਪ 'ਚ ਹੱਲ ਕਰ ਦਿੱਤੀ ਜਾਵੇਗੀ | ਰਾਏਕੋਟ ਰੋਡ ਤੋਂ ਵਾਟਰ ਐਂਡ ਸੀਵਰੇਜ ਬੋਰਡ ਵਲੋਂ ਪੁੱਟੀਆਂ ਟਾਇਲਾਂ ਲਗਾਉਣ ਦਾ ਕੰਮ ਇਕ ਮਹੀਨੇ 'ਚ ਨਿਪਟਾ ਦਿੱਤਾ ਜਾਵੇਗਾ | ਕੱਚਾ ਮਲਕ ਰੋਡ ਦੀ ਮੁੜ ਉਸਾਰੀ ਦੇ ਕੰਮ ਦੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਟੈਂਡਰ ਪ੍ਰਕਿਰਿਆ ਪੂਰੀ ਹੁੰਦੇ ਸਾਰ ਹੀ ਇਸ ਸੜਕ ਦਾ ਕੰਮ ਪੂਰਾ ਕਰਵਾ ਦਿੱਤਾ ਜਾਵੇਗਾ | ਸਭਾ ਵਲੋਂ ਮੰਗ ਕਰਨ 'ਤੇ ਕਾਰਜਸਾਧਕ ਅਫ਼ਸਰ ਨੇ ਭਰੋਸਾ ਦਿਵਾਇਆ ਕਿ ਸੜਕ ਬਣਨ ਤੋਂ ਪਹਿਲਾਂ-ਪਹਿਲਾਂ ਇਸ ਸੜਕ 'ਤੇ ਬਾਰਿਸ਼ ਦੇ ਪਾਣੀ ਦੇ ਨਿਕਾਸ ਲਈ ਪਾਇਪ ਅਤੇ ਚੈਂਬਰ ਨਗਰ ਕੌਂਸਲ ਵਲੋਂ ਬਣਵਾਏ ਜਾਣਗੇ | ਸਭਾ ਵਲੋਂ ਮੰਗ ਕੀਤੀ ਗਈ ਕਿ ਸ਼ਹਿਰ ਦੇ ਬਜ਼ਾਰਾਂ 'ਚ ਦੁਕਾਨਾਂ ਅੱਗੇ ਕਬਜ਼ੇ ਤੁਰੰਤ ਸਾਫ਼ ਕੀਤੇ ਜਾਣ ਤਾਂ ਜੋ ਆਵਾਜਾਈ 'ਚ ਸੁਧਾਰ ਹੋ ਸਕੇ | ਸਭਾ ਵਲੋਂ ਮੰਗ ਕਰਨ 'ਤੇ ਦੱਸਿਆ ਗਿਆ ਕਿ ਦਸ ਕਰੋੜ ਰੁਪਏ ਦੇ ਨਵੇਂ ਕੰਮਾਂ ਦੇ ਟੈਂਡਰ ਤਕਨੀਕੀ ਨੁਕਸ ਦੂਰ ਕਰਕੇ ਪਾ ਦਿੱਤੇ ਗਏ ਹਨ ਜਿਸ ਵਿਚ ਤਹਿਸੀਲ ਰੋਡ ਦੀ ਨਵਉਸਾਰੀ ਦਾ ਕੰਮ ਵੀ ਸ਼ਾਮਿਲ ਹੈ | ਇਸ ਸਮੇਂ ਨਗਰ ਸੁਧਾਰ ਸਭਾ ਨੇ ਕਿਹਾ ਕਿ ਨਿਸ਼ਚਿਤ ਸਮੇਂ 'ਚ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ 'ਚ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਸੰਤ ਬਾਬਾ ਨਰਿੰਦਰ ਸਿੰਘ ਹਜ਼ੂਰ ਸਾਹਿਬ ਵਾਲਿਆਂ ਵਲੋਂ ਪੀਰੀ ਨਿਵਾਸ ਸਰਾਂ ਦੇ ਕਾਰਜਾਂ ਦਾ ਜਾਇਜ਼ਾ ਅਗਲੀ ਖ਼ਬਰ ਜਾਗਰੂਕਤਾ ਪੰਦ੍ਹਰਵਾੜੇ ਤਹਿਤ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।