ਜਗਰਾਉਂ, 30 ਅਗਸਤ (ਗੁਰਦੀਪ ਸਿੰਘ ਮਲਕ)-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐਸ.ਐਸ.ਪੀ. ਡਾ. ਅੰਕੁਰ ਗੁਪਤਾ ਦੀ ਅਗਵਾਈ 'ਚ ਪੁਲਿਸ ਵਲੋਂ ਜਗਰਾਉਂ ਦੇ ਇਕ ਵੱਡੇ ਠੱਗ ਗਰੋਹ ਦਾ ਪਰਦਾਫ਼ਾਸ ਕੀਤਾ ਹੈ, ਜਿਸ ਵਲੋਂ ਇਕ ਕੈਨੇਡੀਅਨ ਬਜ਼ੁਰਗ ਦਾ ਸਭ ਕੁਝ ਹੜੱਪ ਲਿਆ ਅਤੇ ਉਸ ਨੂੰ ਆਪਣੇ ਮੱਕੜ ਜਾਲ ਵਿਚ ਫਸਾ ਕੇ ਉਸ ਦੀ ਜ਼ਮੀਨ ਤੱਕ ਵੇਚ ਦਿੱਤੀ ਅਤੇ ਉਸ ਦੀ ਕੋਠੀ, ਸੋਨਾ, ਡਾਲਰ, ਫਰਨੀਚਰ ਆਦਿ ਸਭ ਕੁਝ ਸਾਂਭ ਲਿਆ | ਇਸ ਮਾਮਲੇ 'ਚ ਪੁਲਿਸ ਵਲੋਂ 7 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ 3 ਕਰੋੜ ਤੋਂ ਵੱਧ ਦੀ ਨਗਦੀ ਨੂੰ ਬਰਾਮਦ ਕੀਤਾ ਜਾ ਚੱੁਕਾ ਹੈ ਅਤੇ ਇਸ ਮਾਮਲੇ 'ਚ ਜਗਰਾਉਂ ਖੇਤਰ ਦੇ ਕਈ ਸਫੈਦਪੋਸ਼ਾਂ ਸਮੇਤ ਹੋਰਾਂ ਨੂੰ ਕਾਬੂ ਵੀ ਕਰ ਲਿਆ ਹੈ, ਜਿਸ ਦਾ ਐਸ.ਐਸ.ਪੀ. ਵਲੋਂ ਜਲਦੀ ਖੁਲਾਸਾ ਕੀਤਾ ਜਾਵੇਗਾ | ਬਲੌਰਾ ਸਿੰਘ (68) ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਗੌਂਦਵਾਲ ਨੇੜੇ ਰਾਏਕੋਟ ਨੇ ਦੱਸਿਆ ਕਿ ਉਹ ਕੈਨੇਡਾ ਦਾ ਪੱਕਾ ਵਸਨੀਕ ਹੈ | ਕੁਝ ਸਾਲ ਪਹਿਲਾਂ ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋ ਗਿਆ ਸੀ ਅਤੇ ਬੁਢਾਪੇ ਲਈ ਉਹ ਦੂਜਾ ਵਿਆਹ ਕਰਵਾਉਣ ਲਈ ਪਿਛਲੇ ਸਾਲ ਉਹ ਭਾਰਤ ਆ ਗਿਆ | ਅਪ੍ਰੈਲ 2025 'ਚ ਉਸ ਦੇ ਜੀਜੇ ਜਸਵੀਰ ਸਿੰਘ ਨੇ ਉਸ ਨੂੰ ਜਗਰਾਉਂ ਸ਼ਹਿਰ ਦੇ ਕੱਚਾ ਮਲਕ ਰੋਡ 'ਤੇ ਲੱਕੜ ਦਾ ਕੰਮ ਕਰਨ ਵਾਲੇ ਸਰਬਾ ਨਾਂਅ ਦੇ ਮਿਸਤਰੀ ਨੂੰ ਮਿਲਾਇਆ ਅਤੇ ਦੱਸਿਆ ਕਿ ਇਹ ਵਿਆਹ ਕਰਵਾਉਣ ਦਾ ਕੰਮ ਕਰਦਾ ਹੈ, ਜਿਸ ਨੇ ਅੱਗੋਂ ਬੰਟੀ ਨਾਂਅ ਦੇ ਵਿਅਕਤੀ ਨਾਲ ਜਾਣ-ਪਛਾਣ ਕਰਵਾਈ | ਜਿਨ੍ਹਾਂ ਨੇ ਇਕ ਲੜਕੀ ਦੀ ਤਸਵੀਰ ਉਸ ਨੂੰ ਦਿਖਾਈ | ਇਸ ਤੋਂ ਬਆਦ ਉਨ੍ਹਾਂ ਆਪਣੇ-ਆਪ ਨੂੰ ਵਕੀਲ ਦੱਸਣ ਵਾਲੇ ਐਡਵੋਕੇਟ ਐੱਚ.ਐੱਸ. ਬਰਾੜ ਨਾਲ ਮਿਲਾਇਆ, ਜਿਸ ਨੇ ਕਿਹਾ ਕਿ ਉਸ ਨੇ ਆਪਣੀ ਭੈਣ ਦਾ ਵਿਆਹ ਕਰਨਾ ਹੈ | ਇਸ ਤੋਂ ਬਾਅਦ ਇਨ੍ਹਾਂ ਸਾਰਿਆਂ ਨੇ ਇਕ ਢਾਬੇ 'ਤੇ ਇਕ ਲੜਕੀ ਇੰਦਰਜੀਤ ਕੌਰ ਇੰਦਰੀ ਵਾਸੀ ਅਜੀਤਵਾਲ ਦਿਖਾਈ, ਜਿਸ ਨੂੰ ਐੱਚ.ਐੱਸ. ਬਰਾੜ ਆਪਣੀ ਭੈਣ ਕਹਿ ਰਿਹਾ ਸੀ, ਜਿਥੇ ਉਕਤ ਲੜਕੀ ਨੇ ਵਿਆਹ ਲਈ ਹਾਮੀ ਭਰ ਦਿੱਤੀ | ਜਿਥੇ ਉਨ੍ਹਾਂ ਮੇਰਾ ਮੋਬਾਈਲ ਨੰਬਰ ਲੈ ਲਿਆ, ਜਿਸ 'ਤੇ ਉਕਤ ਵਕੀਲ ਬਰਾੜ ਅਤੇ ਉਸ ਦੀ ਭੈਣ ਮੇਰੇ ਨਾਲ ਗੱਲਬਾਤ ਕਰਨ ਲੱਗ ਪਾਏ | ਇਸ ਤੋਂ ਬਾਅਦ ਉਨ੍ਹਾਂ ਦੇ ਕਹਿਣ 'ਤੇ ਉਸ ਨੇ ਜਗਰਾਉਂ ਦੇ ਹੀਰਾ ਬਾਗ 'ਚ ਇਕ ਕੋਠੀ ਕਿਰਾਏ 'ਤੇ ਲੈ ਲਈ, ਜਿਥੇ ਉਹ ਰਹਿਣ ਲੱਗ ਪਿਆ | ਇਸ ਤੋਂ ਕੁਝ ਦਿਨ ਬਾਅਦ ਉਕਤ ਲੜਕੀ ਦੇ ਭਰਾ ਬਰਾੜ ਨੇ ਕਿਹਾ ਕਿ ਜਗਰਾਉਂ ਦੇ ਸਿੱਧਵਾਂ ਬੇਟ ਰੋਡ 'ਤੇ ਇਕ ਕੋਠੀ 10 ਲੱਖ ਰੁਪਏ 'ਚ ਮਿਲਦੀ ਹੈ, ਜਿਸ 'ਤੇ ਉਸ ਨੇ ਉਨ੍ਹਾਂ ਨੂੰ 10 ਲੱਖ ਦੇ ਦਿੱਤੇ ਅਤੇ ਕੋਠੀ 'ਚ ਫਰਨੀਚਰ, ਏ.ਸੀ. ਸਮੇਤ ਸਾਰਾ ਘਰ ਦਾ ਸਾਮਾਨ ਖ਼ਰੀਦ ਲਿਆ | ਉਪਰੰਤ ਜਗਰਾਉਂ ਨੇੜੇ ਦੇ ਢਾਬੇ 'ਤੇ ਉਸ ਦੀ ਉਕਤ ਲੜਕੀ ਨਾਲ ਮੰਗਣੀ ਕਰਵਾ ਦਿੱਤੀ, ਜਿਥੇ ਲੜਕੀ ਨੂੰ ਗਹਿਣੇ ਆਦਿ ਲੈਣ ਲਈ 15 ਹਜ਼ਾਰ ਡਾਲਰ ਲੈ ਲਏ | ਉਸ ਤੋਂ ਬਆਦ ਐੱਚ.ਐੱਸ. ਬਰਾੜ ਨੇ ਉਸ ਨਾਲ ਨੇੜਤਾ ਵਧਾ ਲਈ ਅਤੇ ਫਿਰ ਉਨ੍ਹਾਂ ਦੱਸਿਆ ਕਿ ਪਿੰਡ ਚੂਹੜਚੱਕ ਵਿਖੇ ਬਹੁਤ ਹੀ ਸਸਤੀ 12 ਕਿੱਲੇ ਜ਼ਮੀਨ ਮਿਲਦੀ ਹੈ ਅਤੇ ਉਸ ਨੂੰ ਇਕ ਜ਼ਮੀਨ ਦਿਖਾ ਦਿੱਤੀ, ਜੋ ਮੈਨੂੰ ਪਸੰਦ ਆ ਗਈ | ਇਸ ਜ਼ਮੀਨ ਦਾ ਸੌਦਾ ਗੁਰਮੀਤ ਸਿੰਘ ਪੁੱਤਰ ਮਨਸ਼ਾ ਸਿੰਘ ਵਾਸੀ ਚੂਹੜਚੱਕ ਨਾਲ ਪ੍ਰਤੀ ਏਕੜ 45 ਲੱਖ ਵਿਚ ਕਰਵਾ ਦਿੱਤਾ ਅਤੇ ਬਿਆਨਾਂ ਕਰਨ ਲਈ ਇਹ ਮੇਰੇ ਤੋਂ 80 ਲੱਖ ਲੈ ਗਏ | ਜਦੋਂ ਮੈਂ ਉਨ੍ਹਾਂ ਤੋਂ ਬਿਆਨੇ ਦੇ ਕਾਗਜ਼ ਮੰਗੇ ਤਾਂ ਉਨ੍ਹਾਂ ਕਹਿ ਦਿੱਤਾ ਕਿ ਤੇਰੀ ਮੰਗਤੇਰ ਇੰਦਰਜੀਤ ਕੌਰ ਕੋਲ ਕਾਗਜ਼ ਰੱਖ ਦਿੱਤੇ ਹਨ | ਇਸ ਤੋਂ ਬਾਅਦ ਐੱਚ.ਐੱਸ. ਬਰਾੜ, ਵੀਰਪਾਲ ਕੌਰ ਸਮੇਤ ਉਨ੍ਹਾਂ ਮੇਰੇ ਤੋਂ ਸਾਡੇ 3 ਲੱਖ ਡਾਲਰ (2 ਕਰੋੜ 17 ਲੱਖ) ਹੋਰ ਲੈ ਲਏ | ਇਸ ਤੋਂ ਬਾਅਦ ਉਨ੍ਹਾਂ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਮੇਰੀ ਪਿੰਡ ਗੋਂਦਵਾਲ ਵਾਲੀ ਸਾਰੀ ਜ਼ਮੀਨ 3 ਕਰੋੜ 14 ਲੱਖ ਰੁਪਏ 'ਚ ਵੇਚ ਦਿੱਤੀ | ਜਦੋਂਕਿ ਮੇਰੇ ਖਾਤੇ 'ਚ ਸਿਰਫ਼ 25 ਲੱਖ ਰੁਪਏ ਆਏ, ਜੋ ਕਿ ਮੇਰੇ ਤੋਂ ਖਾਲੀ ਚੈੱਕਾਂ 'ਤੇ ਦਸਤਖਤ ਕਰਵਾ ਕੇ ਉਹ ਵੀ ਕਢਵਾ ਕੇ ਲੈ ਗਏ | ਇਸ ਤੋਂ ਬਾਅਦ ਉਸ ਦੀ ਵਿਆਹ ਦੀ ਤਰੀਕ ਇੰਦਰਜੀਤ ਕੌਰ ਨਾਲ 25 ਜੁਲਾਈ 2025 ਦੀ ਰੱਖ ਦਿੱਤੀ ਪਰ ਕੁਝ ਦਿਨ ਬਾਅਦ 2 ਪੁਲਿਸ ਮੁਲਾਜ਼ਮਾਂ ਉਸ ਦੇ ਘਰ ਭੇਜ ਦਿੱਤੇ ਕਿ ਤੇਰੀ ਪਹਿਲੀ ਘਰਵਾਲੀ ਨੇ ਤੇਰੇ 'ਤੇ ਕੇਸ ਕੀਤਾ ਹੈ, ਉਹ ਡਰਕੇ ਕੈਨੇਡਾ ਚਲਾ ਗਿਆ | ਇਸ ਤੋਂ ਬਾਅਦ ਉਨ੍ਹਾਂ ਮੈਨੂੰ ਕੈਨੇਡਾ ਫ਼ੋਨ ਕਰਕੇ ਕਿਹਾ ਕਿ ਆਪਾਂ ਜ਼ਮੀਨ ਖ਼ਰੀਦ ਲਈ ਹੈ ਅਤੇ ਹੁਣ ਮੋਟਰ ਦਾ ਕੁਨੈਕਸ਼ਨ ਲਗਵਾਉਣਾ ਹੈ ਅਤੇ 11 ਲੱਖ ਹੋਰ ਮੇਰੇ ਤੋਂ ਮੰਗਵਾ ਲਏ | ਜਦੋਂ ਮੈਂ ਭਾਰਤ ਵਾਪਸ ਆਇਆ ਤਾਂ ਮੈਂ ਕਾਗਜ਼ਾਂ ਦੀ ਮੰਗ ਕੀਤੀ ਤਾਂ ਉਨ੍ਹਾਂ ਇਕਰਾਰਨਾਮਾਂ ਮਲਕੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਮਾਜਰੀ ਦਾ ਦਿੱਤਾ | ਜਦੋਂ ਮੈਂ ਪੜਤਾਲ ਕਰਵਾਈ ਤਾਂ ਪਤਾ ਲੱਗਾ ਕਿ ਮਲਕੀਤ ਸਿੰਘ ਦੇ ਨਾਂਅ ਕੋਈ ਜ਼ਮੀਨ ਹੀ ਨਹੀਂ ਹੈ | ਇਸ ਤੋਂ ਬਆਦ ਉਹ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਏ | ਇਸ ਤੋਂ ਬਾਅਦ ਮੈਂ ਸਾਰੀ ਜਾਣਕਾਰੀ ਆਪਣੇ ਰਿਸ਼ਤੇਦਾਰਾਂ ਨੂੰ ਦਿੱਤੀ ਅਤੇ ਪਤਾ ਲੱਗਾ ਕਿ ਜੋ ਜ਼ਮੀਨ ਦਾ ਸੌਦਾ ਮੇਰੇ ਨਾਲ ਕੀਤਾ ਹੈ, ਉਹ ਜ਼ਮੀਨ ਤਾਂ ਕਿਸੇ ਹੋਰ ਦੀ ਹੈ | ਇਸ ਤੋਂ ਬਾਅਦ ਭੇਦ ਖੁੱਲਿ੍ਹਆ ਕਿ ਜੋ ਆਪਣੇ-ਆਪ ਨੂੰ ਐਡਵੋਕੇਟ ਐੱਚ.ਐੱਸ. ਬਰਾੜ ਦੱਸ ਰਿਹਾ ਹੈ, ਉਹ ਤਾਂ ਅਸਲ ਵਿਚ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਸ਼ੇਖਦੌਲਤ ਹੈ ਅਤੇ ਰਣਜੀਤ ਸਿੰਘ ਰਾਣਾ ਇਸ ਦੀ ਭੈਣ ਇੰਦਰੀ, ਸਰਬਾ ਮਿਸਤਰੀ, ਬੰਟੀ ਵਾਸੀ ਜਗਰਾਉਂ, ਮਲਕੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਮਾਜਰੀ, ਕਰਨੈਲ ਸਿੰਘ ਪੁੱਤਰ ਤਾਰਾ ਸਿੰਘ ਅਤੇ ਤੇਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਅਨ ਲੀਹਾਂ ਨੇ ਰਲ-ਮਿਲਕੇ ਉਸ ਨਾਲ ਠੱਗੀ ਮਾਰੀ ਹੈ | ਇਸ ਮਾਮਲੇ 'ਚ ਪੁਲਿਸ ਵਲੋਂ ਉਪਰੋਕਤ 7 ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ 5 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ | ਇਸ ਤੋਂ ਇਲਾਵਾ ਇਸ ਮਾਮਲੇ 'ਚ ਜਗਰਾਉਂ ਸ਼ਹਿਰ ਦੇ 3 ਨਾਮੀ ਸਫੈਦਪੋਸਾਂ ਨੂੰ ਵੀ ਕਾਬੂ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ, ਜੋ ਇਸ ਠੱਗੀ ਵਿਚ ਸ਼ਾਮਿਲ ਸਨ | ਇਸ ਮਾਮਲੇ 'ਚ 3 ਕਰੋੜ ਤੋਂ ਵੱਧ ਦੀ ਨਗਦੀ ਵੀ ਪੁਲਿਸ ਵਲੋਂ ਬਰਾਮਦ ਕੀਤੀ ਦੱਸੀ ਜਾ ਰਹੀ ਹੈ |