ਔੜ, 20 ਸਤੰਬਰ (ਗੁਰਨਾਮ ਸਿੰਘ ਸੈਣੀ)-ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਡਾ. ਅਮਨਦੀਪ ਦੀ ਅਗਵਾਈ ਹੇਠ ਸਿੱਖਿਆਂ ਵਿਭਾਗ ਤੇ ਸਕੂਲ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਜਾਗਰੂਕਤਾ ਸੈਮੀਨਾਰ ਸਰਕਾਰੀ ਮਿਡਲ ਸਕੂਲ ਖ਼ੋਜਾ ਵਿਖੇ ਕਰਵਾਇਆ | ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੀਨੀਅਰ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ, ਜਰਨੈਲ ਸਿੰਘ ਖ਼ੁਰਦ ਤੇ ਸਿਮਰਨਜੀਤ ਕੌਰ ਆਦਿ ਦੀ ਟੀਮ ਵਲੋਂ ਅਧਿਆਪਕਾਂ, ਵਿਦਿਆਰਥੀਆਂ, ਮਾਪਿਆਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ, ਮਿਡ-ਡੇ-ਮੀਲ ਵਰਕਰਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਲੋਕ ਅਦਾਲਤਾਂ ਦੇ ਲਾਭ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਦਿੱਤੀਆਂ ਜਾਂਦੀਆਂ ਮੁਫ਼ਤ ਕਾਨੂੰਨੀ ਸੇਵਾਵਾਂ ਵਿਚ ਪੰਜਾਬ ਪੀੜਤ ਮੁਆਵਜ਼ਾ ਯੋਜਨਾ, ਜਿਣਸੀ ਹਮਲਾ ਪੀੜਤ ਮੁਆਵਜ਼ਾ, ਲੇਬਰ ਕਾਰਡ, ਪੈਨਸ਼ਨਾਂ, ਬਾਲ ਵਿਆਹ, ਪੋਕਸੋ ਐਕਟ-2012, ਬਾਲ ਮਜ਼ਦੂਰੀ, ਬੱਚਿਆ ਦੇ ਗੁੰਮ ਹੋਣ ਦੇ ਕਾਰਨ ਅਤੇ ਉਪਾਅ, ਆਵਾਜਾਈ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਸਮੇਤ ਸਾਈਬਰ ਕ੍ਰਾਈਮ ਲੁਟੇਰਿਆਂ ਤੋਂ ਹਮੇਸ਼ਾ ਸਾਵਧਾਨ ਰਹਿਣ, ਔਖੇ ਸਮੇਂ ਵਿਚ ਸਹਾਇਤਾ ਲੈਣ ਲਈ ਟੋਲ ਫ਼੍ਰੀ ਨੰਬਰ 15100 ਅਤੇ ਕੌਮੀ ਲੋਕ ਅਦਾਲਤ ਜੋ ਕਿ ਹੁਣ ਪੰਜਾਬ ਵਿਚ 13 ਦਸੰਬਰ 2025 ਨੂੰ ਲਗਾਈ ਜਾ ਰਹੀ ਹੈ ਤੇ ਸਥਾਈ ਲੋਕ ਅਦਾਲਤ ਵਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਬੱਚਿਆ ਵਲੋਂ ਪੁੱਛੇ ਗਏ ਸਵਾਲਾਂ ਦੇ ਉੱਤਰ ਦੇ ਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਗਿਆ | ਸੈਮੀਨਾਰ ਦੇ ਅੰਤ ਵਿਚ ਸਕੂਲ ਮੁਖੀ ਵਲੋਂ ਬੱਚਿਆਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ-2 ਘਰ ਜਾ ਕੇ ਮਾਪਿਆਂ ਨੂੰ ਅੱਜ ਦੇ ਇਸ ਸੈਮੀਨਾਰ ਬਾਰੇ ਦੱਸਣਾ ਹੈ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਲੋੜਵੰਦ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਨੂੰ ਅਨੇਕਾਂ ਪ੍ਰਕਾਰ ਦੀਆ ਮੁਫ਼ਤ ਕਾਨੂੰਨੀ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਲਾਭ ਲੈਣਾ ਚਾਹੀਦਾ ਹੈ | ਇਸ ਮੌਕੇ ਸਮੂਹ ਸਕੂਲ ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਤੇ ਅਹੁਦੇਦਾਰ, ਵਿਦਿਆਰਥੀ, ਮਾਪੇ ਤੇ ਮਿਡ-ਡੇ-ਮੀਲ ਵਰਕਰ ਵੀ ਹਾਜ਼ਰ ਸਨ |