ਅਮਲੋਹ, 20 ਸਤੰਬਰ (ਕੇਵਲ ਸਿੰਘ)-ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਕੁਝ ਵਿਅਕਤੀ ਇਕ ਲੜਕੇ ਅਤੇ ਮਹਿਲਾ ਨੂੰ ਬੇਰਹਿਮੀ ਨਾਲ ਡੰਡਿਆਂ ਨਾਲ ਕੁੱਟ ਰਹੇ ਹਨ | ਇਹ ਵਾਇਰਲ ਵੀਡੀਓ ਅਮਲੋਹ ਸ਼ਹਿਰ ਦੇ ਵਾਰਡ ਨੰ. 06 ਦੀ ਦੱਸੀ ਜਾ ਰਹੀ ਹੈ | ਪੀੜਤ ਨੌਜਵਾਨ ਇਕ ਪ੍ਰਵਾਸੀ ਹੈ ਤੇ ਉੱਥੇ ਹੀ ਮਹਿਲਾ ਵੀ ਹਰਿਆਣਾ ਦੀ ਹੈ | ਜੋ ਕਿ ਹੁਣ ਅਮਲੋਹ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਅਮਲੋਹ ਗੁਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ | ਜਿਸ ਵਿਚ ਕੁਝ ਲੋਕ ਲੜਕੇ ਤੇ ਮਹਿਲਾ ਨੂੰ ਬੁਰੀ ਤਰ੍ਹਾਂ ਨਾਲ ਕੁੱਟ ਰਹੇ ਹਨ | ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਕੁੱਟਮਾਰ ਕਰਨ ਵਾਲੇ 6 ਲੋਕਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ 6 ਦੇ ਮੁਲਜ਼ਮਾਂ 'ਚੋਂ 3 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਵੀ ਜਾਰੀ ਹੈ | ਉਨ੍ਹਾਂ ਦੱਸਿਆ ਕਿ ਇਹ ਕੁੱਟਮਾਰ ਉਨ੍ਹਾਂ ਵਲੋਂ ਕਿਉਂ ਕੀਤੀ ਗਈ, ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ ਵਿਚ ਲਵੇਗਾ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ |