ਸਨੌਰ, 20 ਸਤੰਬਰ (ਸੋਖਲ)-ਪੰਜਾਬ ਪੁਲਿਸ ਵਲੋਂ ਅਪਰਾਧਾਂ ਦੇ ਖ਼ਾਤਮੇ, ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਲੋਕਾਂ ਦੇ ਵਿਸ਼ਵਾਸ ਨੂੰ ਜ਼ਿੰਦਾ ਰੱਖਣ ਲਈ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ ਦੀ ਸਮੇਂ-ਸਮੇਂ 'ਤੇ ਹੌਸਲਾ ਅਫਜਾਈ ਕੀਤੀ ਜਾਂਦੀ ਹੈ | ਬੀਤੇ ਦਿਨੀਂ ਇੱਥੋਂ ਦੇ ਏ.ਐਸ.ਆਈ. ਸੁਖਵਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਡੀ.ਜੀ.ਪੀ. ਪੰਜਾਬ ਵਲੋਂ ਕਲਾਸ-1 ਪ੍ਰਸ਼ੰਸਾ ਪੱਤਰ ਨਾਲ ਡਿਸਕ ਅਤੇ 3000 ਰੁਪਏ ਦਾ ਕੈਸ਼ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ | ਜਾਣਕਾਰੀ ਅਨੁਸਾਰ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਆਪਣੇ ਫ਼ਰਜ਼ ਪ੍ਰਤੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਚੌਕਸੀ ਨਾਲ ਕੰਮ ਕਰਦੇ ਹੋਏ ਕਈ ਵੱਡੀਆਂ ਕਾਰਵਾਈਆਂ ਅੰਜਾਮ ਦਿੱਤੀਆਂ | ਦੱਸਣਯੋਗ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਨਾ ਅਤੇ ਸਮੇਂ 'ਤੇ ਹੱਲ ਕਰਨਾ ਵੀ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਅਹਿਮ ਹਿੱਸਾ ਰਿਹਾ ਹੈ | ਸਨਮਾਨ ਸਮਾਗਮ ਦੌਰਾਨ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਏ.ਐਸ.ਆਈ. ਸੁਖਵਿੰਦਰ ਸਿੰਘ ਵਰਗੇ ਅਧਿਕਾਰੀ ਪੰਜਾਬ ਪੁਲਿਸ ਦੀ ਸ਼ਾਨ ਹਨ ਜੋ ਸੱਚੇ ਜਜ਼ਬੇ ਅਤੇ ਨਿਭਾਅ ਨਾਲ ਫ਼ਰਜ਼ ਅਦਾ ਕਰਦੇ ਹਨ |