ਫ਼ਤਹਿਗੜ੍ਹ ਸਾਹਿਬ, 20 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਜੌਗਰਫ਼ੀ ਵਿਭਾਗ ਵਲੋਂ ਵਿਸ਼ਵ ਓਜ਼ੋਨ ਦਿਵਸ ਮੌਕੇ ਓਜ਼ੋਨ ਪਰਤ ਅਤੇ ਇਸ ਦੀ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਪੋਸਟਰ ਬਣਾਉਣ ਦੇ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ ਵਿਚ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ 30 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਨੇ ਇਸ ਵਿਸ਼ੇ ਬਾਰੇ ਆਪਣੀ ਰਚਨਾਤਮਿਕਤਾ ਅਤੇ ਵਾਤਾਵਰਨ ਨਾਲ ਸੰਬੰਧਿਤ ਮਸਲਿਆਂ ਦੀ ਸਮਝ ਦਾ ਵਧੀਆ ਪ੍ਰਦਰਸ਼ਨ ਕੀਤਾ | ਪੋਸਟਰਾਂ ਵਿਚ ਵਾਤਾਵਰਨ ਪ੍ਰਦੂਸ਼ਣ, ਓਜ਼ੋਨ ਦੀ ਮਹੱਤਤਾ, ਧਰਤੀ ਮਾਂ, ਮਨੁੱਖੀ ਜੀਵਨ ਅਤੇ ਕੁਦਰਤ ਵਰਗੇ ਵਿਸ਼ਿਆਂ ਨੂੰ ਸੁੰਦਰ ਢੰਗ ਨਾਲ ਦਰਸਾਇਆ ਗਿਆ | ਪੋਸਟਰਾਂ ਦਾ ਮੁਲਾਂਕਣ ਰਚਨਾਤਮਿਕਤਾ, ਸਾਰਥਿਕਤਾ, ਕਲਾਤਮਕ ਹੁਨਰ ਅਤੇ ਪੇਸ਼ਕਾਰੀ ਦੇ ਆਧਾਰ 'ਤੇ ਕੀਤਾ ਗਿਆ | ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਵਿਚ ਬੀ.ਐਸ. ਸੀ. ਆਨਰਜ਼ ਐਗਰੀਕਲਚਰ ਦੀ ਸਿਮਰਨਜੀਤ ਕੌਰ ਨੇ ਪਹਿਲਾ, ਬੀ.ਏ. ਦੀ ਏਕਮਦੀਪ ਕੌਰ ਨੇ ਦੂਸਰਾ ਅਤੇ ਐਮ.ਏ. ਫਾਈਨ ਆਰਟਸ ਦੀ ਸਿਮਰਨ ਚਾਨੇ ਤੇ ਬੀ.ਏ. ਦੀ ਸੁਮਨ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਬੀ.ਏ. ਦੀ ਪਰਵੀਨ ਕੌਰ ਨੂੰ ਹੌਂਸਲਾ ਅਫ਼ਜ਼ਾਈ ਪੁਰਸਕਾਰ ਦਿੱਤਾ ਗਿਆ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਵਿਦਿਆਰਥੀਆਂ ਦੀ ਵਿਹਾਰਕ ਜਾਗਰੂਕਤਾ ਅਤੇ ਰਚਨਾਤਮਿਕਤਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਮੁਕਾਬਲਿਆਂ ਦੀ ਭੂਮਿਕਾ ਨੂੰ ਮਹੱਤਵਪੂਰਨ ਦੱਸਿਆ | ਜੌਗਰਫ਼ੀ ਵਿਭਾਗ ਦੇ ਮੁਖੀ ਡਾ. ਅਨੁਪ੍ਰੀਤ ਸਿੰਘ ਟਿਵਾਣਾ ਨੇ ਓਜ਼ੋਨ ਨੂੰ ਨਸ਼ਟ ਕਰਨ ਵਾਲੇ ਪਦਾਰਥਾਂ ਨੂੰ ਘਟਾਉਣ ਅਤੇ ਟਿਕਾਊ ਉਪਰਾਲਿਆਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ 'ਤੇ ਚਾਨਣਾ ਪਾਇਆ | ਪ੍ਰੋ. ਲਵਪ੍ਰੀਤ ਸਿੰਘ ਨੇ ਵਾਤਾਵਰਨ ਦੀ ਸਾਂਭ-ਸੰਭਾਲ ਲਈ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਸਮਾਗਮ ਵਿਚ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋ. ਨਵਜੀਤ ਕੌਰ, ਕਮਰਸ ਵਿਭਾਗ ਦੇ ਡਾ. ਹਰਜੀਤ ਕੌਰ, ਅੰਗਰੇਜ਼ੀ ਵਿਭਾਗ ਦੇ ਪ੍ਰੋ. ਹਰਬੀਰ ਕੌਰ, ਫਿਜ਼ਿਕਸ ਵਿਭਾਗ ਦੇ ਡਾ. ਨਵਜੀਤ ਕੌਰ, ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਅਵਨੀਤ ਕੌਰ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਸਰਗਰਮ ਸ਼ਮੂਲੀਅਤ ਕੀਤੀ |