ਡੇਰਾ ਬਾਬਾ ਨਾਨਕ, 29 ਅਗਸਤ (ਹੀਰਾ ਸਿੰਘ ਮਾਂਗਟ)-ਭਾਵੇਂ ਕਿ ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਕੁਝ ਪਿੰਡਾਂ ਵਿਚੋਂ ਹੜ੍ਹ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਪਰ ਰਾਵੀ ਦਰਿਆ ਨੇ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿਚ ਪੂਰੀ ਤਰ੍ਹਾਂ ਤਬਾਹੀ ਮਚਾਈ ਹੋਈ ਹੈ | ਲੋਕਾਂ ਨੂੰ ਹੁਣ ਹੋਰ ਡਰ ਸਤਾਉਣ ਲੱਗ ਪਿਆ ਹੈ ਕਿ ਕਈਆਂ ਦੇ ਘਰਾਂ ਦੀਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ | ਇਸ ਪਾਣੀ ਦੇ ਤੇਜ਼ ਵਹਾ ਨੇ ਜਿੱਥੇ ਕਈਆਂ ਲੋਕਾਂ ਦੇ ਘਰ ਰੋੜ ਦਿੱਤੇ, ਕਈਆਂ ਦੇ ਮਕਾਨਾਂ ਦੀਆਂ ਦੀਵਾਰਾਂ ਪਾੜ ਗਈਆਂ, ਉਥੇ ਹੀ ਹੜ੍ਹ ਦੇ ਪਾਣੀ ਨਾਲ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ | ਪਿੰਡ ਧਰਮਕੋਟ ਰੰਧਾਵਾ, ਰੱਤਰ ਛੱਤੜ, ਸ਼ਹਿਜ਼ਾਦਾ ਕਲਾਂ, ਨਿੱਕਾ ਸ਼ਹਿਜ਼ਾਦਾ, ਖੋਦੇ ਬੇਟ, ਧਰਮਕੋਟ ਪੱਤਣ ਸਮੇਤ ਅਨੇਕਾਂ ਪਿੰਡ ਅਜੇ ਵੀ ਪਾਣੀ ਵਿਚ ਘਿਰੇ ਹੋਏ ਹਨ | ਇਸ ਮੌਕੇ ਅੱਜ ਵੱਖ-ਵੱਖ ਪਿੰਡਾਂ ਵਿਚ ਪੁੱਜੀ ਅਜੀਤ ਦੀ ਟੀਮ ਨਾਲ ਪਿੰਡ ਰੱਤੜ-ਛੱਤੜ ਵਿਖੇ ਗੱਲਬਾਤ ਕਰਦਿਆਂ ਹੋਇਆਂ ਪਿੰਡ ਰੱਤੜ-ਛੱਤੜ ਦੇ ਸਾਬਕਾ ਸਰਪੰਚ ਹਰਭਜਨ ਸਿੰਘ ਚੀਮਾ ਨੇ ਦੱਸਿਆ ਕਿ ਇਸ ਹੜ੍ਹ ਦੇ ਪਾਣੀ ਨਾਲ ਭਾਵੇਂ ਕਿ ਪਿੰਡ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸਾਡੇ ਪਿੰਡ ਦੇ ਬਿਲਕੁਲ ਸਾਹਮਣੇ ਤੋਂ ਟੁੱਟੇ ਰਾਵੀ ਦੇ ਬੰਨ ਨੇ ਕਈਆਂ ਦੇ ਘਰ ਰੋੜ ਕੇ ਰੱਖ ਦਿੱਤੇ ਹਨ ਤੇ ਕਈਆਂ ਦੇ ਘਰਾਂ ਨੂੰ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਦੱਸਿਆ ਕਿ ਚਾਰ ਦਿਨ ਤੋਂ ਬਿਜਲੀ ਬੰਦ ਹੋਣ ਕਾਰਨ ਜਿੱਥੇ ਲੋਕ ਪਾਣੀ ਪੀਣ ਨੂੰ ਤਰਸ ਰਹੇ ਹਨ ਉਥੇ ਇਹ ਗਰਮੀ ਤੇ ਮੱਛਰ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਹੈ | ਉਨ੍ਹਾਂ ਦੱਸਿਆ ਕਈਆਂ ਮਜ਼ਦੂਰਾਂ ਦੇ ਤੇ ਘਰੋਂ ਆਟਾ ਤੱਕ ਮੁੱਕ ਗਿਆ | ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅਧਿਕਾਰੀਆਂ 'ਤੇ ਰੋਸ ਜਾਹਰ ਕਰਦਿਆਂ ਹੋਇਆਂ ਕਿਹਾ ਕਿ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਨਹੀਂ ਪੁੱਜਾ | ਉਨ੍ਹਾਂ ਦੱਸਿਆ ਕਿ ਹੁਣ ਪਾਣੀ ਦਾ ਵਹਾਅ ਘਟਣ ਤੋਂ ਬਾਅਦ ਕੁਝ ਸਮਾਜ ਸੇਵੀ ਜਥੇਬੰਦੀਆਂ ਵਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਲੋਕਾਂ ਲਈ ਪਾਣੀ ਅਤੇ ਕੁਝ ਖਾਣ ਪੀਣ ਲਈ ਸਹਾਇਤਾ ਕੀਤੀ ਜਾ ਰਹੀ ਹੈ | ਉਨ੍ਹਾਂ ਹਲਕੇ ਦੇ ਸਿਆਸੀ ਲੀਡਰਾਂ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਪਾਣੀ ਦੇ ਕੰਢੇ 'ਤੇ ਖਲੋ ਕੇ ਫੋਟੋਆਂ ਲਵਾਉਣ ਦੀ ਬਜਾਏ ਇਨ੍ਹਾਂ ਲੋਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਇਨ੍ਹਾਂ ਦੀ ਸਾਰ ਲਈ ਜਾਵੇ |