ਗੁਰਦਾਸਪੁਰ, 30 ਅਗਸਤ (ਗੁਰਪ੍ਰਤਾਪ ਸਿੰਘ)-ਮੇਲਿਆਂ ਦਾ ਸਿਰਤਾਜ ਮੰਨਿਆ ਜਾਣ ਵਾਲਾ ਜ਼ਿਲ੍ਹਾ ਗੁਰਦਾਸਪੁਰ ਨਾਲ ਸੰਬੰਧਿਤ ਇਤਿਹਾਸਕ ਪਿੰਡ ਬੱਬੇਹਾਲੀ ਦਾ ਛਿੰਝ ਮੇਲਾ ਅੱਜ ਪੂਰੀ ਧੂਮਧਾਮ ਨਾਲ ਸ਼ੁਰੂ ਹੋਇਆ | ਮੇਲੇ ਦੇ ਪਹਿਲੇ ਦਿਨ ਅੱਜ ਪੁਰਾਤਨ ਖੇਡਾਂ ਦੌਰਾਨ ਵੱਖ-ਵੱਖ ਖਿਡਾਰੀਆਂ ਨੇ ਆਪਣੀਆਂ ਖੇਡਾਂ ਅਤੇ ਕਲਾ ਦੇ ਪ੍ਰਭਾਵਸ਼ਾਲੀ ਜੌਹਰ ਦਿਖਾਏ | ਮੇਲੇ ਦੇ ਮੁੱਖ ਪ੍ਰਬੰਧਕ, ਸਾਬਕਾ ਸੰਸਦੀ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਬੱਬੇਹਾਲੀ ਪਿੰਡ ਵਿਚ ਪਿਛਲੇ ਕਈ ਸਾਲਾਂ ਤੋਂ ਇਹ ਇਤਿਹਾਸਿਕ ਛਿੰਝ ਮੇਲਾ ਲੱਗਦਾ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਛਿੰਝ ਮੇਲੇ ਦੇ ਪਹਿਲੇ ਦਿਨ ਅੱਜ ਪੁਰਾਤਨ ਖੇਡਾਂ ਦੇ ਰੋਚਕ ਮੁਕਾਬਲੇ ਕਰਵਾਏ ਗਏ ਹਨ, ਜਿਨ੍ਹਾਂ ਦਾ ਉਦਘਾਟਨ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ: ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ ਹੈ | ਇਸ ਮੌਕੇ ਡਾ: ਦਲਜੀਤ ਸਿੰਘ ਚੀਮਾ ਨੇ ਖਿਡਾਰੀਆਂ ਨਾਲ ਜਾਣ ਪਛਾਣ ਕਰਨ ਦੇ ਬਾਅਦ ਗੱਲਬਾਤ ਦੌਰਾਨ ਕਿਹਾ ਕਿ ਗੁਰਬਚਨ ਸਿੰਘ ਬੱਬੇਹਾਲੀ ਅਤੇ ਉਨ੍ਹਾਂ ਦਾ ਸਮੁੱਚਾ ਪਰਿਵਾਰ ਵਧਾਈ ਦਾ ਪਾਤਰ ਹੈ | ਜਿਨ੍ਹਾਂ ਨੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜੀ ਰੱਖਣ ਵਿਚ ਪਿਛਲੇ ਲੰਮੇ ਸਮੇਂ ਤੋਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ ਹੈ | ਡਾ: ਚੀਮਾ ਨੇ ਕਿਹਾ ਕਿ ਕਈ ਤਰ੍ਹਾਂ ਦੀਆਂ ਔਕੜਾਂ ਅਤੇ ਮੁਸੀਬਤਾਂ ਦੇ ਬਾਵਜੂਦ ਬੱਬੇਹਾਲੀ ਅਤੇ ਉਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਇਸ ਮੇਲੇ ਦੇ ਰੰਗ ਨੂੰ ਫਿੱਕਾ ਨਹੀਂ ਪੈਣ ਦਿੱਤਾ | ਉਨ੍ਹਾਂ ਕਿਹਾ ਕਿ ਇਸ ਸਾਲ ਹੁਣ ਜਦੋਂ ਗੁਰਦਾਸਪੁਰ ਜ਼ਿਲ੍ਹਾ ਹੜ੍ਹਾਂ ਦੀ ਮਾਰ ਹੇਠ ਹੈ ਤਾਂ ਬੱਬੇਹਾਲੀ ਨੇ ਇਸ ਦੇ ਬਾਵਜੂਦ ਛਿੰਝ ਮੇਲੇ ਵਿਚ ਖੇਡਾਂ ਦੀ ਪੁਰਾਤਨ ਰਿਵਾਇਤ ਨੂੰ ਕਾਇਮ ਰੱਖਿਆ ਹੈ | ਅੱਜ ਦੇ ਇਸ ਖੇਡ ਮੇਲੇ ਵਿਚ ਕਰਵਾਏ ਗਏ ਰੋਚਕ ਮੁਕਾਬਲਿਆਂ ਦੌਰਾਨ ਕਬੱਡੀ ਦਾ ਮੁੱਖ ਮੁਕਾਬਲਾ ਰਹੀਮਾਬਾਦ ਅਤੇ ਬਾਬਾ ਮੱਖਣ ਸ਼ਾਹ ਦੀ ਟੀਮ ਦਰਮਿਆਨ ਹੋਇਆ | ਜਿਸ ਵਿਚ ਬਾਬਾ ਮੱਖਣ ਸ਼ਾਹ ਦੀ ਟੀਮ ਜੇਤੂ ਰਹੀ ਹੈ | ਇਸੇ ਤਰ੍ਹਾਂ ਕੁਸ਼ਤੀ ਦਾ ਮੁਕਾਬਲਾ ਬੱਗਾ ਪਠਾਨਕੋਟ ਅਤੇ ਜਮਲਾ ਰੋਪੜ ਦਰਮਿਆਨ ਹੋਇਆ | ਜਿਸ ਦੌਰਾਨ ਜਮਲਾ ਰੋਪੜ ਜੇਤੂ ਰਿਹਾ | ਜਦੋਂ ਕਿ ਕੁਸ਼ਤੀ ਦੇ ਇਕ ਹੋਰ ਮੁਕਾਬਲੇ ਵਿਚ ਰੋਹਿਤ ਗੁਰਦਾਸਪੁਰ ਨੇ ਸੰਤੋਖਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ | ਉਨ੍ਹਾਂ ਕਿਹਾ ਕਿ ਕੱਲ੍ਹ 31 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹਿਲਾਂ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਰਾਹਤ ਸਮੱਗਰੀ ਵੰਡਣਗੇ | ਜਿਸ ਦੇ ਬਾਅਦ ਸ਼ਾਮ 4 ਵਜੇ ਪਿੰਡ ਬੱਬੇਹਾਲੀ ਦੇ ਖੇਡ ਸਟੇਡੀਅਮ ਵਿਖੇ ਸੁਖਬੀਰ ਸਿੰਘ ਬਾਦਲ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਜਾਣਗੇ | ਅੱਜ ਦੇ ਇਸ ਖੇਡ ਮੇਲੇ ਦੌਰਾਨ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ, ਰਮਨਦੀਪ ਸਿੰਘ ਸੰਧੂ, ਰਾਜਨਬੀਰ ਸਿੰਘ ਘੁਮਾਣ, ਕੰਵਲਜੀਤ ਸਿੰਘ ਚਾਹਲ, ਕਿ੍ਪਾਲ ਸਿੰਘ ਗੁੰਝੀਆਂ, ਹਰਦੇਵ ਸਿੰਘ ਸਠਿਆਲੀ, ਅਵਤਾਰ ਸਿੰਘ ਕਾਲਾ ਨੰਗਲ ਸਮੇਤ ਹੋਰ ਆਗੂ ਵੱਡੀ ਗਿਣਤੀ ਵਿਚ ਮੌਜੂਦ ਸਨ |