ਗੁਰਦਾਸਪੁਰ, 30 ਅਗਸਤ (ਅਸ਼ੋਕ ਸ਼ਰਮਾ)-ਜੇਲ੍ਹ ਰੋਡ 'ਤੇ ਪੈਂਦੀ ਪੁੱਡਾ ਕਾਲੋਨੀ 'ਚ ਸੀਵਰੇਜ ਦਾ ਗੰਦਾ ਪਾਣੀ ਵਧੇਰੇ ਮਾਤਰਾ 'ਚ ਲੀਕ ਹੋਣ ਕਰਕੇ ਕਾਲੋਨੀ ਦੇ ਵਸਨੀਕਾਂ ਦਾ ਜੀਵਨ ਦੁੱਭਰ ਹੋਇਆ ਪਿਆ ਹੈ | ਇਸ ਪਾਸੇ ਪੁੱਡਾ ਵਿਭਾਗ ਦੇ ਅਧਿਕਾਰੀਆਂ ਦਾ ਧਿਆਨ ਨਾ ਹੋਣ ਕਰਕੇ ਕਾਲੋਨੀ ਵਾਸੀਆਂ ਦਾ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੀਨੀਅਰ ਸਿਟੀਜ਼ਨ ਤੇ ਸੀਨੀਅਰ ਆਗੂ ਕੁਲਬੀਰ ਸਿੰਘ ਸੰਧੂ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੁੱਡਾ ਕਾਲੋਨੀ 20 ਏਕੜ ਤੋਂ ਵਧੇਰੇ ਫੈਲੀ ਹੋਈ ਹੈ ਅਤੇ ਸੀਵਰੇਜ ਤੇ ਵਾਟਰ ਸਪਲਾਈ ਦੀਆਂ ਪਾਈਪਾਂ ਪੁਰਾਣੀਆਂ ਹੋਣ ਕਰਕੇ ਅਕਸਰ ਲੀਕ ਹੁੰਦੀਆਂ ਰਹਿੰਦੀਆਂ ਹਨ ਅਤੇ ਗੰਦਾ ਪਾਣੀ ਕਾਲੋਨੀ ਦੇ ਆਲੇ ਦੁਆਲੇ ਘੁੰਮ ਰਿਹਾ ਹੈ | ਕਈ ਜਗ੍ਹਾ 'ਤੇ ਛੱਪੜ ਦਾ ਰੂਪ ਧਾਰਨ ਕਰਕੇ ਮੱਖੀ ਮੱਛਰ ਤੇ ਕੀੜੇ ਮਕੌੜਿਆਂ ਦੀ ਭਰਮਾਰ ਹੋ ਗਈ ਹੈ | ਇੱਥੋਂ ਤੱਕ ਕਾਲੋਨੀ ਦਾ ਪਾਣੀ ਪੀਣ ਯੋਗ ਵੀ ਨਹੀਂ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਕਾਲੋਨੀ 'ਚ 500 ਤੋਂ ਵੱਧ ਪਰਿਵਾਰ ਰਹਿੰਦੇ ਹਨ ਅਤੇ ਸੀਵਰੇਜ ਪਾਉਣ ਵੇਲੇ ਵਿਭਾਗ ਨੇ ਵਾਟਰ ਸਪਲਾਈ ਤੇ ਸੀਵਰੇਜ ਦੀਆਂ ਇਕੱਠੀਆਂ ਪਾਈਪਾਂ ਪਾ ਦਿੱਤੀਆਂ ਸਨ | ਹੁਣ ਪਾਈਪਾਂ ਕਾਲੋਨੀ ਦੇ ਹਿਸਾਬ ਨਾਲ ਬਹੁਤ ਪੁਰਾਣੀਆਂ ਤੇ ਛੋਟੀਆਂ ਹੋ ਚੁੱਕੀਆਂ ਹਨ | ਜਿਸ ਕਰਕੇ ਸੀਵਰੇਜ ਲੀਕ ਹੋਣ ਨਾਲ ਲੋਕਾਂ ਦੀ ਮੁੱਖ ਸਮੱਸਿਆ ਬਣ ਗਈ ਹੈ | ਕਈ ਲੋਕ ਗੰਦਾ ਪਾਣੀ ਪੀਣ ਨਾਲ ਬਿਮਾਰੀ ਦੀ ਲਪੇਟ ਵਿਚ ਆ ਰਹੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਪੁੱਡਾ ਕਾਲੋਨੀ ਜੇਲ੍ਹ ਰੋਡ ਦਾ ਸੀਵਰੇਜ ਤੇ ਵਾਟਰ ਸਪਲਾਈ ਠੀਕ ਕਰਵਾਉਣ ਲਈ ਸਬੰਧਿਤ ਵਿਭਾਗ ਨੰੂ ਨਿਰਦੇਸ਼ ਦਿੱਤੇ ਜਾਣ |