ਕੋਟਲੀ ਸੂਰਤ ਮੱਲ੍ਹੀ, 30 ਅਗਸਤ (ਕੁਲਦੀਪ ਸਿੰਘ ਨਾਗਰਾ)-ਬਲਾਕ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਕਈ ਪਿੰਡ ਹੜ੍ਹ ਦੇ ਪਾਣੀ ਦੀ ਲਪੇਟ 'ਚ ਆਉਣ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਿੰਡ ਡੇਰਾ ਪਠਾਣਾ 'ਚ ਰਾਹਤ ਕੈਂਪ ਲਗਾਇਆ ਗਿਆ ਹੈ ਤੇ ਇਥੋਂ ਲੰਗਰ ਤਿਆਰ ਕਰਕੇ ਅੱਗੇ ਹੜ੍ਹ ਦੀ ਲਪੇਟ ਆਏ ਪਿੰਡਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਪਿੰਡ ਦੀ ਗ੍ਰਾਮ ਪੰਚਾਇਤ ਤੇ ਲੋਕਾਂ ਦੇ ਸਹਿਯੋਗ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲੋਕਾਂ ਲਈ ਵਿਸ਼ਾਲ ਲੰਗਰ ਤੇ ਖਾਣ-ਪੀਣ ਦੀਆਂ ਵਸਤਾਂ ਦੇ ਪ੍ਰਬੰਧਕ ਕੀਤੇ ਗਏ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਰੋਜ਼ਾਨਾ ਇਕ ਹਜਾਰ ਦੇ ਕਰੀਬ ਲੋਕਾਂ ਲਈ ਲੰਗਰ ਤਿਆਰ ਕਰਕੇ ਅਗਲੇ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਭੇਜਿਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਆਫ਼ਤ ਦੀ ਘੜੀ 'ਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਲੋਕਾ ਨਾਲ ਖੜ੍ਹੀ ਹੈ | ਇਸ ਮੌਕੇ ਉਨ੍ਹਾਂ ਨਾਲ ਮਲਕੀਤ ਸਿੰਘ ਨਾਗਰਾ, ਦਲੀਪ ਸਿੰਘ ਸੈਕਟਰੀ, ਜਥੇ. ਗੁਰਪ੍ਰੀਤ ਸਿੰਘ, ਬੱਬਲਜੀਤ ਸਿੰਘ, ਜਸਪਾਲ ਸਿੰਘ ਮੱਲ੍ਹੀ, ਬੂਟਾ ਸਿੰਘ, ਸ਼ਰਨਜੀਤ ਸਿੰਘ, ਮਨਪ੍ਰੀਤ ਸਿੰਘ ਰਾਉਂਵਾਲ, ਗੁਰਪ੍ਰੀਤ ਸਿੰਘ, ਮੰਨੂੰ ਢਿੱਲਵਾਂ ਸਮੇਤ ਗ੍ਰਾਮ ਪੰਚਾਇਤ ਤੇ ਨੌਜਵਾਨ ਹਾਜ਼ਰ ਸਨ, ਜਦੋਂ ਕਿ ਇਸੇ ਤਰ੍ਹਾਂ ਹੀ ਨੇੜਲੇ ਪਿੰਡ ਫੱਤੂਪੁਰ ਤੇ ਦੇਹੜ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਰਹਿਣ ਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕੰਵਲਜੀਤ ਸਿੰਘ ਫੱਤੂਪੁਰ ਨੇ ਦੱਸਿਆ ਕਿ ਹੜ੍ਹ ਦੀ ਲਪੇਟ 'ਚ ਆਏ ਲੋਕਾਂ ਦੀ ਸਹਾਇਤਾ ਲਈ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਦੁਆਰਾ ਦੇਹੜ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇਹਰ 'ਚ ਰਿਹਾਇਸ਼ ਤੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਨੇੜਲੇ ਨੀਵੇਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਦੇ ਇਸ ਰਾਹਤ ਕੇੈਂਪ ਵਿਚ ਆ ਕੇ ਰਹਿਣ ਉਨ੍ਹਾਂ ਲਈ ਰਿਹਾਇਸ਼ 'ਤੇ ਲੰਗਰ ਦੇ ਵਿਸ਼ਾਲ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ ਸਰਪੰਚ ਦਲਜੀਤ ਸਿੰਘ ਬਾਜਵਾ, ਸੁੁਰਜੀਤ ਸਿੰਘ, ਭਾਈ ਮੰਗਲਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ ਦੇਹੜ, ਰਮਨਦੀਪ ਸਿੰਘ, ਸੁਖਦੇਵ ਸਿੰਘ ਸਮੇਤ ਪਿੰਡ ਦੇ ਨੌਜਵਾਨ ਹਾਜ਼ਰ ਸਨ |