29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਹੜ੍ਹ ਕਾਰਨ ਲੈਂਟਰ ਦਾ ਹਿੱਸਾ ਡਿੱਗਣ ਨਾਲ ਜ਼ਖ਼ਮੀ ਹੋਈ ਬਜ਼ੁਰਗ ਮਹਿਲਾ ਨੇ ਤੋੜਿਆ ਦਮ

ਅਜੀਤ ਡੈਸਕ 20-09-2025
ਤਾਰਾਗੜ੍ਹ, 19 ਸਤੰਬਰ (ਸੋਹਨ ਲਾਲ)-ਹੜ੍ਹ ਦੀ ਮਾਰ ਝੱਲ ਰਹੇ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਹੌਲੀ-ਹੌਲੀ ਪੱਟੜੀ 'ਤੇ ਆਉਣੀ ਸ਼ੁਰੂ ਹੋਈ ਹੈ | ਪਰ ਤੇਜ਼ ਧੁੱਪ ਨਿਕਲਣ ਕਾਰਨ ਮੁਸ਼ਕਿਲਾਂ ਦਾ ਇਕ ਨਵਾਂ ਦੌਰ ਸ਼ੁਰੂ ਹੋ ਗਿਆ ਹੈ | ਜਿਨ੍ਹਾਂ ਘਰਾਂ 'ਚ ਹੜ੍ਹ ਦਾ ਪਾਣੀ ਦਾਖ਼ਲ ਹੋ ਗਿਆ ਸੀ, ਉਹ ਮਕਾਨ ਹੁਣ ਸੁਰੱਖਿਅਤ ਨਹੀਂ ਰਹੇ, ਉਨ੍ਹਾਂ 'ਚ ਦਰਾਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ | ਹੁਣ ਲੋਕਾਂ ਨੂੰ ਇਹ ਡਰ ਸਤਾਉਣ ਲੱਗ ਪਿਆ ਹੈ ਕਿ ਤੇਜ਼ ਧੁੱਪ ਨਾਲ ਕਿਤੇ ਮਕਾਨ ਡਿੱਗ ਨਾ ਜਾਣ | ਇਕ ਅਜਿਹਾ ਹੀ ਹਾਦਸਾ ਕੁਝ ਦਿਨ ਪਹਿਲਾਂ ਸਰਹੱਦੀ ਪਿੰਡ ਸਹਾਰਨਪੁਰ ਵਿਚ ਵਾਪਰਿਆ, ਜਦੋਂ 75 ਸਾਲਾ ਬਜ਼ੁਰਗ ਮਹਿਲਾ ਬਿਮਲਾ ਦੇਵੀ ਲੈਂਟਰ ਦਾ ਹਿੱਸਾ ਡਿੱਗਣ ਕਾਰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਉਨ੍ਹਾਂ ਨੂੰ ਸਰਨਾ ਦੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ | ਡਾਕਟਰਾਂ ਨੇ ਦੱਸਿਆ ਕਿ ਰੀੜ੍ਹ ਦੀ ਹੱਡੀ ਦੇ ਮਣਕੇ ਖਿਸਕਣ ਕਾਰਨ ਉਨ੍ਹਾਂ ਦੀ ਸਪਾਈਨ ਸਰਜਰੀ ਕਰਨੀ ਪਈ | ਪਰ ਸਿਹਤ ਵਿਚ ਕੋਈ ਸੁਧਾਰ ਨਾ ਹੋਣ ਕਾਰਨ ਉਨ੍ਹਾਂ ਦੀਆਂ ਕਿਡਨੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ | ਡਾਕਟਰਾਂ ਦੇ ਹੱਥ ਖੜੇ੍ਹ ਕਰਨ ਤੋਂ ਬਾਅਦ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਘਰ ਲੈ ਆਏ, ਜਿੱਥੇ ਬੀਤੇ ਦਿਨ ਬਜ਼ੁਰਗ ਬਿਮਲਾ ਦੇਵੀ ਨੇ ਆਖ਼ਰੀ ਸਾਹ ਲਿਆ | ਮਿ੍ਤਕਾ ਦੇ ਪੁੱਤਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਸਭ ਹੜ੍ਹ ਦੀ ਵਜ੍ਹਾ ਨਾਲ ਵਾਪਰਿਆ, ਕਿਉਂਕਿ ਪੂਰੇ ਪਿੰਡ ਦੀਆਂ ਗਲੀਆਂ ਤੇ ਘਰਾਂ ਵਿਚ 4-4 ਫੁੱਟ ਤੱਕ ਪਾਣੀ ਭਰ ਗਿਆ ਸੀ | ਤੇਜ਼ ਧੁੱਪ ਕਾਰਨ ਕਈ ਮਕਾਨਾਂ ਵਿਚ ਦਰਾਰਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ | ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪ੍ਰਭਾਵਿਤ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ, ਕਿਉਂਕਿ ਪਰਿਵਾਰ ਦੀ ਸਾਰੀ ਜਮਾ ਪੂੰਜੀ ਹਸਪਤਾਲ ਦੇ ਖ਼ਰਚੇ 'ਚ ਲੱਗ ਗਈ ਹੈ |
ਪਿਛਲੀ ਖ਼ਬਰ ਰਘੂਨਾਥ ਕਾਲੋਨੀ ਦੇ ਵਸਨੀਕ ਸੀਵਰੇਜ ਸਹੂਲਤਾਂ ਦੀ ਘਾਟ ਕਾਰਨ ਮੁਸ਼ਕਿਲਾਂ ਦਾ ਕਰ ਰਹੇ ਸਾਹਮਣਾ ਅਗਲੀ ਖ਼ਬਰ ਹੁਸ਼ਿਆਰਪੁਰ 'ਚ 5 ਸਾਲਾਂ ਬੱਚੇ ਦਾ ਪ੍ਰਵਾਸੀ ਵਲੋਂ ਕਤਲ ਕਰਨ ਦੇ ਵਿਰੋਧ 'ਚ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।