ਘੁਮਾਣ, 19 ਸਤੰਬਰ (ਬੰਮਰਾਹ)-ਕਸਬਾ ਘੁਮਾਣ ਤੋਂ ਮਹਿਤਾ ਰੋਡ ਅਠਵਾਲ ਨਹਿਰ ਪੁਲ 'ਤੇ 2 ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਤੇ 3 ਜ਼ਖ਼ਮੀ ਹੋ ਗਏ | ਜਾਣਕਾਰੀ ਮੁਤਾਬਿਕ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਪਿੰਡ ਚੋਣੇ ਆਪਣੀ ਪਤਨੀ ਪਰਮਜੀਤ ਕੌਰ ਅਤੇ ਬੇਟੀ ਮਨਰਾਜ ਕੌਰ ਨਾਲ ਮੋਟਰਸਾਈਕਲ ਪਲਟੀਨਾ ਨੰਬਰ ਪੀ.ਬੀ.18-ਜੈੱਡ4439 'ਤੇ ਆਪਣੇ ਘਰੋਂ ਕਿਸੇ ਨਿੱਜੀ ਕੰਮ ਵਾਸਤੇ ਪਿੰਡ ਘੁਮਾਣ ਜਾ ਰਹੇ ਸਨ | ਜਦ ਇਹ ਪੁਲ ਨਹਿਰ ਅਠਵਾਲ ਦੇ ਨਜ਼ਦੀਕ ਪੁੱਜੇ ਤਾਂ ਘੁਮਾਣ ਵਲੋਂ ਆਪਣੇ ਮੋਟਰਸਾਈਕਲ ਸਪਲੈਂਡਰ ਨੰਬਰ ਪੀ.ਬੀ.02-ਸੀ.ਜੈੱਡ.8775 'ਤੇ ਆ ਰਹੇ ਗੁਰਪ੍ਰੀਤ ਸਿੰਘ ਪਿੰਡ ਮੰਡਿਆਲਾ ਨਾਲ ਜਾ ਟਕਰਾਇਆ, ਜਿਸ ਨਾਲ ਸਤਨਾਮ ਸਿੰਘ ਦੀ ਇਸ ਹਾਦਸੇ ਦੌਰਾਨ ਮੌਕੇ 'ਤੇ ਮੌਤ ਹੋ ਗਈ, ਜਦ ਕਿ ਪਰਮਜੀਤ ਕੌਰ ਤੇ ਲੜਕੀ ਮਨਰਾਜ ਕੌਰ ਦੇ ਮਾਮੂਲੀ ਸੱਟਾਂ ਲੱਗੀਆਂ | ਜਦ ਕਿ ਦੂਸਰੇ ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ | ਇਸ ਸਬੰਧੀ ਮਿ੍ਤਕ ਸਤਨਾਮ ਸਿੰਘ ਦੇ ਭਰਾ ਪ੍ਰੇਮ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸੜਕ ਵਿਚ ਪਏ ਵੱਡੇ ਵੱਡੇ ਟੋਇਆਂ ਕਰਨ ਵਾਪਰਿਆ ਹੈ | ਥਾਣਾ ਘੁਮਾਣ ਦੇ ਤਫਤੀਸ਼ੀ ਅਫਸਰ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਕਿ ਦੋਨੋਂ ਮੋਟਰਸਾਈਕਲ ਕਬਜ਼ੇ ਵਿਚ ਲੈ ਕੇ ਮਿ੍ਤਕ ਸਤਨਾਮ ਸਿੰਘ ਦੇ ਵੱਡੇ ਭਰਾ ਪ੍ਰੇਮ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਗੰਭੀਰ ਜ਼ਖਮੀ ਹੋਏ ਗੁਰਪ੍ਰੀਤ ਸਿੰਘ ਨੂੰ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਹੈ |