ਘੱਲੂਘਾਰਾ ਸਾਹਿਬ, 20 ਸਤੰਬਰ (ਪਰਮ ਮਿਨਹਾਸ)- ਪਿੰਡ ਸਹਾਏਪੁਰ ਦੇ ਆਸ-ਪਾਸ ਦੇ ਪਿੰਡਾਂ 'ਚ ਚੋਰਾਂ ਦੇ ਗਿਰੋਹ ਵਲੋਂ ਲੜੀਵਾਰ ਚੋਰੀਆਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਪਰ ਇਹ ਚੋਰ ਗਿਰੋਹ ਨਾ ਤਾਂ ਪੁਲਿਸ ਦੇ ਹੱਥ ਆ ਰਿਹਾ ਸੀ ਤੇ ਨਾ ਹੀ ਲੋਕਾਂ ਦੇ ਹੱਥ ਚੜ੍ਹ ਰਿਹਾ ਸੀ, ਜਿਸ ਕਰ ਕੇ ਇਸ ਗਿਰੋਹ ਵਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਅੰਜ਼ਾਮ ਦਿੱਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਪਿੰਡ ਸਹਾਏਪੁਰ ਦੀ ਮੇਨ ਗਲੀ 'ਚੋਂ ਕੁਝ ਦਿਨ ਪਹਿਲਾਂ ਲੋਹੇ ਦਾ ਬਣਿਆ ਹੋਇਆ ਸ਼ਿਕੰਜਾ ਚੋਰੀ ਹੋ ਗਿਆ ਸੀ, ਜਿਸ ਨੂੰ ਪਿੰਡ ਦੇ ਲੋਕਾਂ ਤੇ ਨੌਜਵਾਨਾਂ ਵਲੋਂ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ | ਲੋਕਾਂ ਅਤੇ ਨੌਜਵਾਨਾਂ ਵਲੋਂ ਲੁਕਵੇਂ ਤਰੀਕੇ ਨਾਲ ਸ਼ੱਕੀ ਵਿਅਕਤੀਆਂ 'ਤੇ ਨਜ਼ਰ ਰੱਖੀ ਹੋਈ ਸੀ | ਅੱਜ ਇਹ ਕੋਸ਼ਿਸ਼ ਕਾਮਯਾਬੀ ਵਿਚ ਬਦਲ ਗਈ, ਜਦੋਂ ਚੋਰ ਰੰਗੇ ਹੱਥੀ ਕਬਾੜੀਏ ਦੀ ਦੁਕਾਨ 'ਤੇ ਚੋਰੀ ਕੀਤਾ ਹੋਇਆ ਸਾਮਾਨ ਵੇਚਣ ਸਮੇਂ ਫੜਿਆ ਗਿਆ | ਨੌਜਵਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਸਹਾਏਪੁਰ ਤੋਂ ਕੁਝ ਦਿਨ ਪਹਿਲਾਂ ਗਲੀ ਵਿਚੋਂ ਲੋਹੇ ਦਾ ਸਾਮਾਨ ਚੋਰੀ ਹੋ ਗਿਆ ਸੀ | ਉਨ੍ਹਾਂ ਦੱਸਿਆ ਕਿ ਉਹ ਅੱਜ ਜਦ ਕਬਾੜੀਏ ਦੀ ਦੁਕਾਨ 'ਤੇ ਚੋਰ ਨੂੰ ਆਪਣੇ ਪਿੰਡ ਦਾ ਸਮਾਨ ਵੇਚਦਾ ਦੇਖਿਆ ਤਾਂ ਉਸ ਨੇ ਉਸ ਨੂੰ ਕਾਬੂ ਕਰ ਲਿਆ ਜਿਸ ਦੀ ਸ਼ਨਾਖ਼ਤ ਕਰਨ 'ਤੇ ਉਹ ਨਜ਼ਦੀਕੀ ਪਿੰਡ ਬਖ਼ਤਪੁਰ, ਜਿਸ ਦਾ ਨਾਂਅ ਘੁੱਲਾ ਹੈ, ਦਾ ਪਤਾ ਲੱਗਿਆ | ਬਲਵਿੰਦਰ ਸਿੰਘ ਨੇ ਦੱਸਿਆ ਕਿ ਸਹਾਏਪੁਰ ਤੇ ਆਸ-ਪਾਸ ਪਿੰਡਾਂ ਵਿਚੋਂ ਬਿਜਲੀ ਦੀਆਂ ਤਾਰਾਂ, ਟਰਾਂਸਫਾਰਮਰਾਂ ਦਾ ਤੇਲ ਆਦਿ ਦੀ ਚੋਰੀ ਪਿਛਲੇ ਸਮੇਂ ਤੋਂ ਲਗਾਤਾਰ ਚੋਰਾਂ ਵਲੋਂ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਸਮਾਜ ਸੇਵੀ ਨੌਜਵਾਨ ਬਲਵਿੰਦਰ ਸਿੰਘ ਪਹਿਲਾਂ ਵੀ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕੀ ਚੋਰਾਂ 'ਤੇ ਨਕੇਲ ਕੱਸੀ ਜਾਵੇ |