ਕੋਟਲੀ ਸੂਰਤ ਮੱਲ੍ਹੀ, 20 ਸਤੰਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਦੇ ਪਾਣੀ ਦੀ ਮਾਰ ਨੇ ਪਿੰਡ ਨਬੀਨਗਰ, ਰਣਸੀਕਾ ਤੱਲਾ ਤੇ ਬਰਿਆਰ ਦੀਆਂ ਲਗਪਗ ਮੁਕੰਮਲ ਰਕਬੇ ਦੀਆਂ ਫ਼ਸਲਾਂ ਤਬਾਹ ਕਰ ਕੇ ਰੱਖ ਦਿੱਤੀਆਂ ਹਨ, ਜਦੋਂ ਕਿ ਪਿੰਡ ਦਬੁਰਜੀ, ਖਵਾਜਾ ਵਰਦਗ, ਅਲੀਨੰਗਲ, ਜੀਵਨ ਨੰਗਲ, ਢਿਲਵਾਂ, ਸ਼ਿਕਾਰ ਮਾਛੀਆ, ਦੇਹੜ, ਅਠਵਾਲ ਤੇ ਕੋਟਲੀ ਸੂਰਤ ਮੱਲ੍ਹੀ ਦਾ ਛੰਭ ਵੀ ਤਬਾਹੀ ਦਾ ਖੌਫ਼ਨਾਕ ਮੰਜਰ ਬਿਆਨ ਰਿਹਾ ਹੈ ਤੇ ਪ੍ਰ੍ਰਭਾਵਿਤ ਪਿੰਡਾਂ ਦੇ ਹਲਾਤ ਬਹੁਤ ਬਦਤਰ ਬਣੇ ਹੋਏ ਹਨ | ਜਿਆਦਾਤਰ ਕਿਸਾਨ ਬਣੀ ਡਾਂਵਾਡੋਲ ਹਾਲਤ 'ਚੋਂ ਨਿਕਲਣ ਲਈ ਚਿੰਤਤ ਹਨ | ਭਾਵੇਂ ਕਿ ਵੱਖ-ਵੱਖ ਜਥੇਬੰਦੀਆਂ ਤੇੇ ਬਹਾਦਰ ਪੰਜਾਬੀਆਂ ਨੇ ਪ੍ਰਭਾਵਿਤ ਲੋਕਾਂ ਤੱਕ ਬਹੁਤ ਰਾਸ਼ਨ, ਪਾਣੀ ਤੇ ਲੋੜਾਂ ਅਨੁਸਾਰ ਸਾਮਾਨ ਭੇਜਿਆ ਹੈ, ਜਿਸ ਦੀ ਚੁਫੇਰਿਓ ਸ਼ਾਲਾਘਾ ਹੋ ਰਹੀ ਹੈ, ਪਰ ਇਸ ਆਫ਼ਤ ਨੇ ਚੰਗੇ-ਭਲੇ ਲੋਕਾਂ ਦੇ ਅਜਿਹੇ ਹਲਾਤ ਬਣਾ ਦਿੱਤੇ ਹਨ, ਜਿਸ ਨੂੰ ਬਿਆਨ ਕਰਨਾ ਔਖਾ ਹੈ | ਪ੍ਰਭਾਵਿਤ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਅਜਿਹਾ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਵੀ ਹੋਵੇਗਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਬੋਰਾਂ ਦਾ ਪਾਣੀ ਪੀਣਯੋਗ ਨਹੀਂ ਰਿਹਾ ਤੇ ਕਈ ਘਰਾਂ ਦੇ ਫ਼ਰਸ ਬੈਠ ਗਏ ਹਨ | ਉਨ੍ਹਾਂ ਦੱ ਸਿਆ ਕਿ ਹੜ੍ਹ ਦੇ ਪਾਣੀ ਦੀ ਮਾਰ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਹੀ ਫ਼ਸਲਾਂ 'ਤੇ ਲਾਗਤ ਵੱਧਣ ਤੇ ਭਾਅ ਸਹੀ ਨਾ ਮਿਲਣ ਕਰ ਕੇ ਕਿਸਾਨ ਕਰਜ਼ਿਆਂ ਦੀ ਜੰਜਲ ਵਿਚ ਫਸ ਚੁੱਕੇ ਹਨ ਤੇ ਉਤੋਂ ਅਜਿਹੀ ਹੜ੍ਹ ਦੀ ਆਫ਼ਤ ਨੇ ਉਨ੍ਹਾਂ ਨੂੰ ਮੂਧੇ ਮੂੰਹ ਕਰ ਕੇ ਰੱਖ ਦਿੱਤਾ ਹੈ | ਕਿਸਾਨਾਂ ਨੇ ਦੱ ਸਿਆ ਕਿ ਉਨ੍ਹਾਂ ਦੇ ਵੱਡੀ ਲਾਗਤ ਨਾਲ ਫ਼ਸਲਾਂ ਤਿਆਰ ਕੀਤੀਆਂ ਸਨ ਤੇ ਹੁਣ ਜਦੋਂ ਫ਼ਸਲ ਮੰਡੀ ਲੈ ਕੇ ਜਾਣ ਦਾ ਸਮਾਂ ਆਇਆ ਤਾਂ ਹੜ੍ਹ ਦੇ ਪਾਣੀ ਨੇ ਸਭ ਕੁਝ ਤਬਾਹ ਕਰ ਕੇ ਰੱਖ ਦਿੱਤਾ ਹੈ ਤੇ ਉਨ੍ਹਾਂ ਦੇ ਪੱਲੇ ਨਿਰਾਸ਼ਾ ਹੀ ਪਈ ਹੈ ਤੇ ਅੱਗੋਂ ਹਲਾਤ ਅਜਿਹੇ ਬਣੇ ਹੋਏ ਹਨ ਕਿ ਉਨ੍ਹਾਂ ਲਈ ਕਣਕ ਦੀ ਬਿਜਾਈ ਕਰਨੀ ਔਖੀ ਹੋਈ ਪਈ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਣਕ ਦੀ ਬਿਜਾਈ ਲਈ ਰੱਖਿਆ ਬੀਜ, ਪਰਿਵਾਰਾਂ ਦੇ ਖਾਣ ਲਈ ਡਰੰਮਾਂ 'ਚ ਪਾਈ ਕਣਕ ਤੇ ਉਨ੍ਹਾਂ ਦਾ ਘਰੇਲੂ ਸਾਮਾਨ ਵੀ ਖ਼ਰਾਬ ਹੋ ਗਿਆ ਹੈ ਤੇ ਕਈ ਜਗ੍ਹਾ ਉਪਰ ਹਲਾਤ ਬਹੁਤ ਡਰਾਉਣੇ ਬਣੇ ਹੋਏ ਹਨ | ਉਨ੍ਹਾਂ ਦੱ ਸਿਆ ਕਿ ਹੜ੍ਹ ਨੇ ਖੇਤੀਬਾੜੀ ਦੇ ਸਹਾਇਕ ਧੰਦੇ ਡੇਅਰੀ ਫਾਰਮਿੰਗ ਨੂੰ ਵੱਡੀ ਸੱਟ ਮਾਰੀ ਹੈ ਤੇ ਪਸ਼ੂਆਂ ਦਾ ਮਾੜ੍ਹਾ ਹਾਲ ਹੋਇਆ ਪਿਆ ਹੈ, ਪੱਠਾ-ਦੱਥਾ ਰਿਹਾ ਨਹੀਂ ਹੈ ਤੇ ਅੱਗੋਂ ਨਵਾਂ ਅਜੇ ਬੀਜਿਆ ਵੀ ਨਹੀਂ ਜਾਣਾ, ਜਿਸ ਕਰ ਕੇ ਆਉਣ ਵਾਲੇ ਦਿਨਾਂ 'ਚ ਵੀ ਦੁਧਾਰੂ ਮੱਝਾਂ-ਗਾਂਵਾਂ ਨੇ ਉਨਾ ਦੁੱਧ ਨਹੀਂ ਦੇਣਾ, ਜਿੰਨਾ ਪਹਿਲਾਂ ਦਿੰਦੀਆਂ ਸਨ | ਉਨ੍ਹਾਂ ਦੱਸਿਆ ਕਿ ਕਈ ਚੰਗੇ ਭਲੇ ਪਰਿਵਾਰਾਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਗਈ ਹੈ ਤੇ ਉਹ ਪ੍ਰਾਈਵੇਟ ਸਕੂਲਾਂ 'ਚ ਆਪਣੇ ਬੱਚਿਆਂ ਦੀਆਂ ਫ਼ੀਸਾਂ ਅਦਾ ਕਰਨ ਤੋਂ ਅਸਮਰਥ ਹੋਏ ਪਏ ਹਨ |