ਧਾਰੀਵਾਲ, 20 ਸਤੰਬਰ (ਸਵਰਨ ਸਿੰਘ)-ਸਥਾਨਿਕ ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਧਾਰੀਵਾਲ ਦੀ ਵਿਦਿਆਰਥਣ ਬਲਪ੍ਰੀਤ ਕੌਰ ਨੇ ਕਰਾਟੇ ਖੇਡ 'ਚ ਰਾਸ਼ਟਰੀ ਪੱਧਰ 'ਤੇ ਮੱਲਾਂ ਮਾਰੀਆਂ ਹਨ | ਇਸ ਸਬੰਧ ਵਿਚ ਡਾਇਰੈਕਟਰ ਫਾਦਰ ਜੋਸ਼ ਪਡਿਆਟੀ ਅਤੇ ਪਿ੍ੰਸੀਪਲ ਸਿਸਟਰ ਦਿਵਿਆ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਖਿਡਾਰਨ ਬਲਪ੍ਰੀਤ ਕੌਰ ਨੇ ਪਹਿਲਾ ਉੱਤਰੀ ਭਾਰਤ ਵਿਚ ਜਿੱਤ ਪ੍ਰਪਤ ਕਰ ਕੇ ਰਾਸ਼ਟਰ ਪੱਧਰ ਦੀਆਂ ਖੇਡਾਂ ਵਿਚ ਖੇਡਣ ਲਈ ਆਪਣਾ ਸਥਾਨ ਬਣਾਇਆ | ਉਨ੍ਹਾਂ ਦੱਸਿਆ ਕਿ ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਵਲੋਂ ਰਾਸ਼ਟਰੀ ਪੱਧਰ 'ਤੇ ਬੰਗਲੌਰ ਵਿਖੇ ਕਰਾਟੇ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਸਮੁੱਚੇ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਖਿਡਾਰੀਆਂ ਨੇ ਭਾਗ ਲਿਆ, ਜਿਸ ਵਿਚ ਖਿਡਾਰਨ ਬਲਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ 'ਤੇ ਤੀਸਰਾ ਸਥਾਨ ਪ੍ਰਾਪਤ ਕਰ ਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ |