ਗੁਰਦਾਸਪੁਰ, 20 ਸਤੰਬਰ (ਗੁਰਪ੍ਰਤਾਪ ਸਿੰਘ)-ਸ਼ਹੀਦ ਹੈੱਡ ਕਾਂਸਟੇਬਲ ਦੀ ਧੀ ਸੋਨਮਪ੍ਰੀਤ ਕੌਰ ਨੇ ਕੈਨੇਡੀਅਨ ਪੁਲਿਸ ਵਿਚ ਭਰਤੀ ਹੋ ਕੇ ਆਪਣੇ ਮਾਤਾ-ਪਿਤਾ, ਜ਼ਿਲ੍ਹਾ ਗੁਰਦਾਸਪੁਰ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ | ਸੋਨਮਪ੍ਰੀਤ ਕੌਰ ਦਾ ਜਨਮ 15 ਅਗਸਤ 2000 ਨੰੂ ਪਿਤਾ ਨਰਿੰਦਰ ਸਿੰਘ ਤੇ ਮਾਤਾ ਸਰਬਜੀਤ ਕੌਰ ਦੇ ਘਰ ਗੁਰਦਾਸਪੁਰ ਵਿਖੇ ਹੋਇਆ | ਸੋਨਮਪ੍ਰੀਤ ਕੌਰ ਮਹਿਜ਼ 10 ਸਾਲ ਦੀ ਸੀ, ਜਦੋਂ ਉਸ ਦੇ ਪਿਤਾ ਡਿਊਟੀ ਦੌਰਾਨ ਨਰੋਟ ਜੈਮਲ ਸਿੰਘ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਏ | ਜਿਸ ਤੋਂ ਬਾਅਦ ਉਸ ਦੀ ਮਾਤਾ ਨੇ ਪਰਿਵਾਰ ਦੀ ਵਾਗਡੋਰ ਸੰਭਾਲੀ ਅਤੇ ਅੱਜ ਉਹ ਪਤੀ ਦੀ ਸ਼ਹੀਦੀ ਤੋਂ ਬਾਅਦ ਮਿਲੀ ਨੌਕਰੀ ਨਾਲ ਆਪਣਾ ਪਰਿਵਾਰ ਚਲਾ ਰਹੇ ਹਨ ਅਤੇ ਪੰਜਾਬ ਪੁਲਿਸ ਵਿਚ ਬਤੌਰ ਹੈੱਡ ਕਾਂਸਟੇਬਲ ਸੇਵਾ ਨਿਭਾਅ ਰਹੇ ਹਨ | ਆਪਣੀ ਸੀਨੀਅਰ ਸੈਕੰਡਰੀ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੋਨਮਪ੍ਰੀਤ ਕੌਰ ਨੇ ਸਾਲ 2018 ਵਿਚ ਕੈਨੇਡਾ ਦਾ ਰੁਖ ਕੀਤਾ, ਉੱਥੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੁਣ ਉਹ ਕੈਨੇਡਾ ਪੁਲਿਸ ਵਿਚ ਭਰਤੀ ਹੋ ਕੇ ਸੇਵਾ ਨਿਭਾਅ ਰਹੀ ਹੈ | ਫੋਨ 'ਤੇ ਗੱਲਬਾਤ ਕਰਦਿਆਂ ਸੋਨਮਪ੍ਰੀਤ ਕੌਰ ਨੇ ਦੱਸਿਆ ਕਿ ਉਹ ਹਮੇਸ਼ਾ ਤੋਂ ਆਪਣੇ ਮਾਤਾ ਪਿਤਾ ਵਾਂਗ ਪੁਲਿਸ ਵਿਚ ਭਰਤੀ ਹੋ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਸੀ |