ਫ਼ਾਜ਼ਿਲਕਾ, 29 ਅਗਸਤ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੀਮਾਂ ਬਣਾ ਕੇ ਹੜ੍ਹਾਂ ਦੌਰਾਨ ਪਿੰਡਾਂ ਦੀਆ ਢਾਣੀਆਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਦੀ ਮੁਹਿੰਮ ਲਗਾਤਾਰ ਜਾਰੀ ਹੈ | ਐਨ.ਡੀ.ਆਰ.ਐਫ਼ ਦੀ ਮਦਦ ਨਾਲ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ, ਐੱਸ.ਐੱਸ.ਪੀ. ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ, ਐੱਸ.ਡੀ.ਐਮ. ਵੀਰਪਾਲ ਕੌਰ ਵਲੋਂ ਵੱਡੇ ਪੱਧਰ 'ਤੇ ਖ਼ੁਦ ਲੋਕਾਂ ਨੂੰ ਸੁਰੱਖਿਅਤ ਥਾਵਾਂ ਵਿਚ ਪਹੁੰਚਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਤਹਿਤ ਟੀਮ ਵਲੋਂ ਇਕ ਢਾਣੀ ਵਿਚ ਫਸੀ ਕਰੀਬ 90 ਸਾਲਾਂ ਮਾਤਾ ਨੂੰ ਰੈਸਕਿਉ ਕਰਕੇ ਬੇੜੀ ਰਾਹੀ ਕਾਵਾਂਵਾਲੀ ਪਤਨ 'ਤੇ ਲਿਆਂਦਾ ਗਿਆ | ਜਿੱਥੇ ਸੁਰੱਖਿਅਤ ਬਾਹਰ ਆਈ ਮਾਤਾ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨ.ਡੀ.ਆਰ.ਐਫ਼ ਦੀਆਂ ਟੀਮਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਵਾਰ ਆਏ ਹੜ੍ਹਾਂ ਨੇ ਜਿੱਥੇ ਸਾਨੂੰ ਉੱਪਰ ਨਹੀਂ ਉੱਠਣ ਦਿੱਤਾ, ਉੱਥੇ ਹੀ ਹੁਣ ਦੇ ਆਏ ਹੜ੍ਹਾਂ ਨੇ 'ਤੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਪਿੰਡਾਂ ਅੰਦਰ ਪਾਣੀ ਕਾਫ਼ੀ ਜ਼ਿਆਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਹੜ੍ਹਾਂ ਦਾ ਮੁਕੰਮਲ ਹੱਲ ਕੱਢਿਆ ਜਾਵੇ ਤਾਂ ਜੋ ਅਗਲੀਆਂ ਪੀੜੀਆਂ ਨੂੰ ਇਸ ਤੋਂ ਨਿਜਾਤ ਦਿਵਾਈ ਜਾ ਸਕੇ |