ਫ਼ਾਜ਼ਿਲਕਾ, 29 ਅਗਸਤ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਜਿੱਥੇ ਫ਼ਾਜ਼ਿਲਕਾ ਦੇ ਹੜ੍ਹ ਪੀੜਤ ਲੋਕਾਂ ਨੂੰ ਨਾ ਲਿਆਂਦੇ ਦੋ ਟਰੱਕ ਰਾਸ਼ਨ ਦੇ ਵੰਡੇ, ਉਥੇ ਹੀ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਨੂੰ ਵੀ ਜਾਣਿਆ | ਕੈਬਨਿਟ ਮੰਤਰੀ ਸ੍ਰੀ ਸੌਂਦ ਸਥਾਨਕ ਮਿੰਨੀ ਸਕੱਤਰੇਤ ਵਿਖੇ ਦੋ ਟਰੱਕ ਰਾਸ਼ਨ ਦੇ ਲੈ ਕੇ ਆਏ, ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ ਉਨ੍ਹਾਂ ਪਿੰਡ ਵਾਰ ਟਰਾਲੀਆਂ ਦੀ ਮਦਦ ਨਾਲ ਕਾਂਵਾਂ ਵਾਲੀ ਪਤਨ 'ਤੇ ਪਹੁੰਚਾਇਆ ਅਤੇ ਫਿਰ ਖ਼ੁਦ ਬੇੜੀਆਂ ਵਿਚ ਸਵਾਰ ਹੋ ਕੇ ਉਨ੍ਹਾਂ ਅਤੇ ਪ੍ਰਸ਼ਾਸਨ ਦੀ ਟੀਮ ਵਲੋਂ ਲੋਕਾਂ ਤੱਕ ਪੁੱਜਦਾ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਕਾਂਵਾਂ ਵਾਲੀ ਪਤਨ ਦਾ ਵੀ ਦੌਰਾ ਕੀਤਾ ਅਤੇ ਹੜ੍ਹ ਪੀੜਿਤ ਲੋਕਾਂ ਦਾ ਦੁਖੜਾ ਸੁਣਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਸੈਕਟਰ ਅੰਦਰ ਹਾਲਾਤ ਕੰਟਰੋਲ ਹੇਠ ਹਨ | ਅੱਜ 29 ਤਰੀਕ ਨੂੰ ਪਾਣੀ ਹੋਰ ਨਹੀਂ ਵਧਿਆ ਸਗੋਂ ਉਸੇ ਗਤੀ ਨਾਲ ਚੱਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਪੰਜਾਬੀਆਂ ਲਈ ਬੜੀ ਵੱਡੀ ਪਰਖ ਦੀ ਘੜੀ ਹੈ, ਕਿਉਂਕਿ ਹਮੇਸ਼ਾ ਹੀ ਦੂਜਿਆਂ 'ਤੇ ਆਈ ਮੁਸੀਬਤ ਵਿਚ ਪੰਜਾਬੀ ਪਹਿਲਾਂ ਬਹੁੜੇ ਹਨ ਅਤੇ ਹੁਣ ਵੀ ਜਿਨ੍ਹਾਂ ਵਿਚ ਇਲਾਕਿਆਂ ਵਿਚ ਹੜ੍ਹਾਂ ਨੇ ਮਾਰ ਮਾਰੀ ਹੈ, ਉੱਥੇ ਪੰਜਾਬੀ ਮੋਢੇ ਨਾਲ ਮੋਢਾ ਜੋੜ ਕੇ ਲੋੜੀਂਦੀਆਂ ਵਸਤਾਂ ਲਿਆ ਰਹੇ ਹਨ | ਉਨ੍ਹਾਂ ਕਿਹਾ ਕਿ ਬਠਿੰਡਾ ਤੋਂ ਪਾਣੀ ਦਾ ਟਰੱਕ ਭਰ ਕੇ ਆਇਆ ਹੈ | ਇਸੇ ਤਰ੍ਹਾਂ ਪੰਜਾਬ ਦੀਆਂ ਸੰਗਤਾਂ ਦੂਰ ਦੁਰਾਡੇ ਥਾਵਾਂ ਤੋਂ ਰਾਸ਼ਨ ਆਦਿ ਲਿਆ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਇਸ ਸੰਕਟ ਦੇ ਸਮੇਂ ਪੂਰੀ ਤਰ੍ਹਾਂ ਨਾਲ ਸੁਚੇਤ ਹੈ, ਪ੍ਰਸ਼ਾਸਨ ਦੇ ਨਾਲ ਦਿਨ ਰਾਤ ਰਾਬਤੇ ਵਿਚ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਪੱਬਾਂ ਭਾਰ ਹੋ ਕੇ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਦਾਣਾ ਮੰਡੀਆਂ ਵਿਚ ਪਸ਼ੂਆਂ ਦੇ ਰੱਖਣ ਲਈ ਪ੍ਰਬੰਧ ਕੀਤੇ ਗਏ ਹਨ | ਆਮ ਲੋਕਾਂ ਲਈ ਸ਼ੈਲਟਰ ਹੋਮ ਬਣਾਏ ਗਏ ਹਨ | ਜਿੱਥੇ ਪ੍ਰਸ਼ਾਸਨ ਉਨ੍ਹਾਂ ਦੀ ਦਿਨ ਰਾਤ ਦੇਖਰੇਖ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਘਰ ਛੱਡ ਕੇ ਆਏ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ | ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ, ਐੱਸ.ਐੱਸ.ਪੀ. ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਮਨਦੀਪ ਕੌਰ, ਐੱਸ.ਡੀ.ਐਮ. ਵੀਰਪਾਲ ਕੌਰ, ਜ਼ਿਲ੍ਹਾ ਆਗੂ ਉਪਕਾਰ ਸਿੰਘ ਜਾਖੜ ਅਤੇ ਹੋਰ ਅਧਿਕਾਰੀ ਅਤੇ ਆਪ ਆਗੂ ਹਾਜ਼ਰ ਸਨ |