ਫ਼ਾਜ਼ਿਲਕਾ, 30 ਅਗਸਤ (ਦਵਿੰਦਰ ਪਾਲ ਸਿੰਘ)-ਜਿਥੇ ਇੰਨੇ ਦਿਨੀਂ ਪੂਰਾ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ ਉਥੇ ਹੀ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ 'ਚ ਵੀ ਇਨ੍ਹਾਂ ਹੜ੍ਹਾਂ ਨਾਲ ਜਿਥੇ ਕਿਸਾਨਾਂ ਦੀਆਂ ਪੁੱਤਾਂ ਵਾਂਗੂੰ ਪਾਲ਼ੀਆਂ ਫ਼ਸਲਾਂ ਦੀ ਤਬਾਹੀ ਹੋ ਗਈ ਹੈ ਉਥੇ ਹੀ ਕਈ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਵੀ ਹੋਣਾ ਪਿਆ | ਇਸੇ ਤਰ੍ਹਾਂ ਹੜ੍ਹਾਂ ਦੀ ਮਾਰ ਹੇਠ ਆਏ ਹਿੰਦ-ਪਾਕਿ ਸਰਹੱਦ 'ਤੇ ਸਥਿਤ ਭਾਰਤ ਦਾ ਅਖੀਰਲਾ ਪਿੰਡ ਮੁਹਾਰ ਜਮਸ਼ੇਰ ਦੀ ਵਸਨੀਕ 90 ਸਾਲਾਂ ਬਜ਼ੁਰਗ ਮਾਤਾ ਜਮਨਾ ਬਾਈ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਵਾਰ-ਵਾਰ ਇਸੇ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਝੱਲਣੀਆਂ ਪੈਂਦੀਆਂ ਹਨ | ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਕੁਦਰਤੀ ਆਫ਼ਤਾਂ ਤੋਂ ਬਿਨਾਂ ਜਿਵੇਂ ਜੰਗ ਆਦਿ ਦੇ ਦਿਨਾਂ 'ਚ ਵੀ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਪਿੰਡ ਦੀਆਂ ਔਰਤਾਂ ਵਲੋਂ ਆਪਣੇ ਛੋਟੇ-ਛੋਟੇ ਬੱਚੇ ਕੁੱਛੜ ਚੱਕ ਆਪਣੇ ਘਰਾਂ ਨੂੰ ਛੱਡ ਕੇ ਪਿੰਡਾਂ ਤੋਂ ਬਾਹਰ ਜਾਣਾ ਪੈਂਦਾ ਹੈ | ਉਨ੍ਹਾਂ ਕਿਹਾ ਕਿ 1988 'ਚ ਇਸੇ ਤਰ੍ਹਾਂ ਹੜ੍ਹ ਆਏ ਸੀ ਅਤੇ ਉਨ੍ਹਾਂ ਨੂੰ ਆਪਣੇ ਬੱਚੇ, ਮਾਲ ਡੰਗਰ ਤੇ ਹੋਰ ਕੀਮਤੀ ਸਾਮਾਨ ਚੁੱਕ ਕੇ ਪਿੰਡ ਛੱਡਣੇ ਪਏ ਸਨ | ਇਸੇ ਤਰ੍ਹਾਂ ਅੱਜ ਦੇ ਇਨ੍ਹਾਂ ਹਾਲਾਤਾਂ 'ਚ ਉਹ ਆਪਣਾ ਪਿੰਡ ਛੱਡ ਅਗਲੇ ਪਿੰਡਾਂ 'ਚ ਪਹੁੰਚ ਤਾਂ ਇੱਥੇ ਵੀ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਦੀ ਮਾਰ ਅਗਲੇ ਪਿੰਡਾਂ ਤੱਕ ਵੀ ਪਹੁੰਚ ਚੁੱਕੀ ਹੈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਹੁਣ ਹੋਰ ਅੱਗੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਵੇਗਾ | ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵਾਰ-ਵਾਰ ਹੜ੍ਹ ਦਾ ਸੰਤਾਪ ਹੰਢਾਉਣ ਵਾਲੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਲਈ ਉੱਚੀਆਂ ਥਾਵਾਂ 'ਤੇ 5-5 ਮਰਲੇ ਦੇ ਘਰਾਂ ਦੇ ਲਈ ਥਾਂ ਮੁਹੱਈਆ ਕਰਵਾਈ ਜਾਵੇ |