ਅਬੋਹਰ, 30 ਅਗਸਤ(ਵਿਵੇਕ ਹੂੜੀਆ)-ਅਬੋਹਰ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਾਰਸ਼ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ | ਕਈ ਘਰਾਂ ਦੀਆਂ ਛੱਤਾਂ ਡਿੱਗਣ ਤੋਂ ਬਾਅਦ ਹੁਣ ਢਾਣੀ ਸੁੱਚਾ ਸਿੰਘ ਵਿਚ ਇੱਕ ਹੋਰ ਘਰ ਦੀ ਛੱਤ ਡਿਗ ਗਈ ਹੈ | ਜਿਸ ਕਾਰਨ ਇਸ ਪਰਿਵਾਰ ਦਾ ਸਾਰਾ ਘਰੇਲੂ ਸਾਮਾਨ ਮਲਬੇ ਹੇਠ ਦੱਬ ਗਿਆ ਅਤੇ ਨੁਕਸਾਨਿਆ ਗਿਆ | ਦੋ ਕਮਰਿਆਂ ਦੀਆਂ ਛੱਤਾਂ ਡਿਗ ਗਈਆਂ, ਗੁਆਂਢੀਆਂ ਦੇ ਘਰਾਂ ਵਿਚ ਵੀ ਤਰੇੜਾਂ ਆ ਗਈਆਂ | ਢਾਣੀ ਸੁੱਚਾ ਸਿੰਘ ਵਾਸੀ ਬਲਕਾਰ ਸਿੰਘ ਨੇ ਦੱਸਿਆ ਕਿ ਮੀਂਹ ਕਾਰਨ ਉਨ੍ਹਾਂ ਦੇ ਘਰ ਦੇ ਇੱਕ ਕਮਰੇ ਦੀ ਛੱਤ ਅਚਾਨਕ ਡਿਗ ਗਈ | ਛੱਤ ਡਿੱਗਣ ਕਾਰਨ ਨੇੜਲੇ ਦੂਜੇ ਕਮਰੇ ਵਿਚ ਵੀ ਵੱਡੀਆਂ ਤਰੇੜਾਂ ਆ ਗਈਆਂ | ਉਨ੍ਹਾਂ ਤੁਰੰਤ ਉਸ ਕਮਰੇ ਵਿਚੋਂ ਸਾਮਾਨ ਕੱਢਣਾ ਸ਼ੁਰੂ ਕਰ ਦਿੱਤਾ ਪਰ ਦੁਪਹਿਰ ਤੋਂ ਬਾਅਦ ਦੂਜੇ ਕਮਰੇ ਦੀ ਛੱਤ ਵੀ ਡਿਗ ਗਈ | ਇਸ ਹਾਦਸੇ ਵਿਚ ਉਨ੍ਹਾਂ ਦੇ ਘਰ ਦਾ ਸਾਰਾ ਸਾਮਾਨ ਮਲਬੇ ਵਿਚ ਦੱਬ ਗਿਆ | ਜਿਸ ਕਾਰਨ ਉਨ੍ਹਾਂ ਨੂੰ ਵੱਡਾ ਨੁਕਸਾਨ ਹੋਇਆ ਹੈ | ਬਲਕਾਰ ਸਿੰਘ ਨੇ ਕਿਹਾ ਕਿ ਹੁਣ ਉਸ ਦੇ ਬਾਕੀ ਕਮਰਿਆਂ ਵਿਚ ਵੀ ਤਰੇੜਾਂ ਆ ਗਈਆਂ ਹਨ | ਜਿਸ ਕਾਰਨ ਪਰਿਵਾਰ ਨੂੰ ਡਰ ਨਾਲ ਰਹਿਣਾ ਪੈ ਰਿਹਾ ਹੈ | ਇੰਨਾ ਹੀ ਨਹੀਂ ਉਸ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਗੁਆਂਢੀਆਂ ਦੇ ਕਮਰਿਆਂ ਵਿਚ ਵੀ ਤਰੇੜਾਂ ਆ ਗਈਆਂ ਹਨ | ਜਿਸ ਕਾਰਨ ਉਨ੍ਹਾਂ ਦੀਆਂ ਮੁਸ਼ਕਿਲਾਂ ਵੀ ਵਧ ਗਈਆਂ ਹਨ | ਪੀੜਤ ਬਲਕਾਰ ਸਿੰਘ ਨੇ ਪ੍ਰਸ਼ਾਸਨ ਨੂੰ ਤੁਰੰਤ ਮਦਦ ਦੀ ਅਪੀਲ ਕੀਤੀ ਹੈ | ਇਸ ਪਿੰਡ ਵਿਚ ਕੁੱਝ ਦਿਨ ਪਹਿਲਾਂ ਇੱਕ ਪਸ਼ੂਆਂ ਦੇ ਸ਼ੈੱਡ ਦੇ ਦੋ ਕਮਰਿਆਂ ਦੀ ਛੱਤ ਡਿਗ ਗਈ ਸੀ | ਪਿੰਡ ਵਿਚ ਲਗਾਤਾਰ ਹੋ ਰਹੀਆਂ ਇਹ ਘਟਨਾਵਾਂ ਲੋਕਾਂ ਵਿਚ ਡਰ ਪੈਦਾ ਕਰ ਰਹੀਆਂ ਹਨ |