ਜਲਾਲਾਬਾਦ, 30 ਅਗਸਤ (ਹਰਪ੍ਰੀਤ ਸਿੰਘ ਪਰੂਥੀ)-ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਵਰ੍ਹਦੇ ਮੀਂਹ ਵਿਚ ਹਲਕੇ ਦੇ ਪਿੰਡ ਆਤੂਵਾਲਾ ਤੇ ਢਾਣੀ ਬਚਨ ਸਿੰਘ ਖ਼ੁਦ ਟਰੈਕਟਰ ਚਲਾ ਕੇ ਪਹੁੰਚੇ | ਇਸ ਉਪਰੰਤ ਉਹ ਜ਼ਿਆਦਾ ਪਾਣੀ ਵਾਲੇ ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਕਰਨ ਲਈ ਕਿਸ਼ਤੀ 'ਤੇ ਸਵਾਰ ਹੋਏ ਤੇ ਰਾਹਤ ਸਮਗਰੀ ਵੀ ਨਾਲ ਲੈ ਕੇ ਪਹੁੰਚੇ | ਉਨ੍ਹਾਂ ਜਿੱਥੇ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਹਾਲ ਚਾਲ ਜਾਣਿਆ ਉੱਥੇ ਹੀ ਲੋਕਾਂ ਨੂੰ ਰਾਸ਼ਨ ਤੇ ਪਸ਼ੂ ਫੀਡ ਵੀ ਵੰਡੀ | ਭਰੇ ਹੋਏ ਪਾਣੀ ਵਿਚ ਉਤਰ ਕੇ ਉਹ ਲੋਕਾਂ ਦੇ ਘਰਾਂ ਤੱਕ ਪਹੁੰਚੇ ਜਿੱਥੇ ਉਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਕਿਹਾ ਕਿ ਮੈਂ ਹਰ ਮੁਸ਼ਕਲ ਦੀ ਘੜੀ ਵਿਚ ਤੁਹਾਡੇ ਨਾਲ ਹਾਂ! ਇਹ ਮੇਰਾ ਹਲਕਾ ਹੀ ਨਹੀਂ ਸਗੋਂ ਮੇਰਾ ਪਰਿਵਾਰ ਹੈ ਤੇ ਮੈਂ ਆਪਣੇ ਪਰਿਵਾਰ ਦੀ ਹਰ ਮਦਦ ਕਰਨ ਲਈ ਤਿਆਰ ਬਰ ਤਿਆਰ ਹਾਂ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਵੀ ਹੜ੍ਹ ਪ੍ਰਭਾਵਿਤ ਪਿੰਡਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਉਨ੍ਹਾਂ ਵਲੋਂ ਸਮੁੱਚੇ ਪ੍ਰਸ਼ਾਸਨ ਤੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਹਨ ਕਿ ਉਹ ਇਸ ਮੁਸ਼ਕਲ ਦੀ ਘੜੀ ਵਿਚ ਲੋਕਾਂ ਤੱਕ ਰਾਹਤ ਸਮਗਰੀ ਪਹੁੰਚਾਉਣ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਕੁਦਰਤੀ ਆਫ਼ਤ ਕਰਕੇ ਵਾਪਰੀ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਹਰ ਉਪਰਾਲੇ ਕਰ ਰਹੀ ਹੈ! ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਉਹ ਬੇਝਿਜਕ ਹੋ ਕੇ ਉਨ੍ਹਾਂ ਨੂੰ ਦੱਸਣ ਜਾਂ ਕਿਸੇ ਵੀ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੇ ਫ਼ੋਨ 'ਤੇ ਸੰਪਰਕ ਕਰ ਸਕਦੇ ਹਨ, ਉਹ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਨ |