ਸੁਲਤਾਨਵਿੰਡ, 29 ਅਗਸਤ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਦੇ ਨਾਲ-ਨਾਲ ਪਿੰਡ ਸੁਲਤਾਨਵਿੰਡ ਦੀਆਂ ਦੋਵੇਂ ਸਰਵਿਸ ਲਾਈਨਾਂ ਵਿਚ ਪਏ ਖੱਡਿਆਂ ਕਾਰਨ ਇਲਾਕਾ ਵਾਸੀਆਂ ਤੇ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਰਾਹਗੀਰ ਪ੍ਰਮਜੀਤ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਕਸ਼ਮੀਰ ਸਿੰਘ, ਜਸਪਾਲ ਸਿੰਘ, ਹਰਦੀਪ ਸਿੰਘ, ਸਤਨਾਮ ਸਿੰਘ, ਸਤਿੰਦਰ ਸਿੰਘ ਆਦਿ ਨੇ ਦੱਸਿਆ ਕਿ ਪੁਲ ਤਾਰਾਂ ਵਾਲਾ ਤੋਂ ਸੁਲਤਾਨਵਿੰਡ ਦੀ ਅੱਪਰ ਦੁਆਬ ਨਹਿਰ ਦੇ ਰਸਤੇ ਕੋਟ ਮਿੱਤ ਸਿੰਘ ਅਤੇ ਤਰਨਤਾਰਨ ਨੂੰ ਜਾਣਾ ਹੋਵੇ ਤਾਂ ਸੜਕ ਵਿਚ ਪਏ ਡੂੰਘੇ ਖੱਡਿਆਂ ਵਿਚੋਂ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ | ਇਸੇ ਤਰ੍ਹਾਂ ਕੋਟ ਮਿੱਤ ਸਿੰਘ ਤੋਂ ਪੁਲ ਤਾਰਾਂ ਅੰਮਿ੍ਤਸਰ ਸ਼ਹਿਰ ਨੂੰ ਜਾਣ ਲੱਗਿਆ ਵੀ ਉਹੋ ਹਾਲ ਹੈ ਇਨ੍ਹਾਂ ਦੋਵਾਂ ਸਰਵਿਸ ਲਾਈਨਾਂ 'ਤੇ ਹਮੇਸ਼ਾ ਭਾਰੀ ਵਹੀਕਲਾਂ ਦਾ ਆਉਣਾ-ਜਾਣਾ ਬਣਿਆ ਰਹਿੰਦਾ ਹੈ ਤੇ ਬਹੁਤ ਜਿਆਦਾ ਖੱਡੇ ਹੋਣ ਕਾਰਨ ਗਾਹੇ-ਬੇਗਾਹੇ ਛੋਟੇ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ ਸਰਵਿਸ ਲਾਈਨਾਂ ਦੇ ਦੋਵੇਂ ਪਾਸੇ ਪਏ ਸੜਕ ਵਿਚ ਖੱਡੇ ਲਗਾਤਾਰ ਹੋ ਰਹੀ ਬਾਰਿਸ਼ ਕਰਕੇ ਪਾਣੀ ਨਾਲ ਭਰੇ ਰਹਿੰਦੇ ਹਨ, ਜਿਸ ਵਿਚ ਛੋਟੇ ਵਾਹਨ ਡਿੱਗ ਕੇ ਅਕਸਰ ਹੀ ਸੱਟਾਂ ਲਗਵਾ ਲੈਂਦੇ ਹਨ | ਉਨ੍ਹਾਂ ਦੱਸਿਆ ਕਿ ਸੁਲਤਾਨਵਿੰਡ ਦੇ ਨਵੇਂ ਬਣ ਰਹੇ ਫਲਾਈ ਓਵਰ ਕਾਰਨ ਪਿੰਡ ਸੁਲਤਾਨਵਿੰਡ ਨੂੰ ਆਉਣ ਜਾਣ ਵਾਲਾ ਰਸਤਾ ਦੋਵਾਂ ਪਾਸਿਆਂ ਤੋਂ ਬੰਦ ਕੀਤਾ ਹੋਇਆ ਹੈ, ਜਿਸ ਕਰਕੇ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਸੜਕ ਵਿਚ ਪਏ ਖੱਡੇ ਦਿਨੋ-ਦਿਨ ਡੂੰਘੇ ਹੁੰਦੇ ਜਾ ਰਹੇ ਹਨ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਿੰਡ ਸੁਲਤਾਨਵਿੰਡ ਦੀਆਂ ਸਰਵਿਸ ਲਾਈਨਾਂ 'ਤੇ ਤੁਰੰਤ ਪ੍ਰੀਮਿਕਸ ਪਾ ਕੇ ਇਨ੍ਹਾਂ ਖੱਡਿਆਂ ਨੂੰ ਪੂਰਿਆ ਜਾਵੇ ਅਤੇ ਬੰਦ ਪਏ ਰਸਤੇ ਨੂੰ ਖੋਲਿਆ ਜਾਵੇ ਨਹੀਂ ਤਾਂ ਲੋਕ ਸੰਘਰਸ਼ ਕਰਨ ਲਈ ਮਜਬੂਰ ਹੋ ਜਾਣਗੇ |