ਅੰਮਿ੍ਤਸਰ, 19 ਸਤੰਬਰ (ਹਰਮਿੰਦਰ ਸਿੰਘ)- ਨਗਰ ਨਿਗਮ ਦਫ਼ਤਰ ਵਿਖੇ ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਸ਼ਹਿਰ ਵਾਸੀਆਂ ਦੇ ਮੱੁਦਿਆਂ ਨੂੰ ਲੈ ਕੇ ਅਧਿਕਾਰੀਆਂ ਨਾਲ ਬੈਠਕ ਕੀਤੀ | ਇਸ ਮੌਕੇ 'ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ, ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਵੀ ਮੌਜੂਦ ਸਨ | ਇਸ ਦੌਰਾਨ ਸ਼ਹਿਰ ਦੇ ਪ੍ਰਮੁੱਖ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਦੇ ਆਲੇ ਦੁਆਲੇ ਦੇ ਖੇਤਰਾਂ ਦੀ ਸਫਾਈ ਅਤੇ ਰੱਖ-ਰਖਾਅ, ਸਟਰੀਟ ਲਾਈਟ ਸੁਚਾਰੂ ਬਣਾਉਣ ਅਤੇ ਸੜਕਾਂ 'ਤੇ ਪੈਚ ਵਰਕ ਦਾ ਕੰਮ ਜਲਦ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ | ਇਸ ਤੋਂ ਇਲਾਵਾ ਮੀਟਿੰਗ ਵਿਚ ਇਤਿਹਾਸਕ ਕੰਪਨੀ ਬਾਗ਼ ਬਾਰੇ ਗੱਲਬਾਤ ਕਰਦੇ ਹੋਏ ਇਸਦੀ ਸਾਂਭ ਸੰਭਾਲ ਕਰਨ ਅਤੇ ਇਥੇ ਸਫਾਈ ਪ੍ਰਬੰਧਾਂ ਅਤੇ ਫੁਲ ਬੂਟੇ ਲਗਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀਆਂ ਹਦਾਇਤਾਂ ਕੀਤੀਆਂ | ਇਸ ਦੌਰਾਨ ਮੇਅਰ ਅਤੇ ਕਮਿਸ਼ਨਰ ਨੇ ਇਨ੍ਹਾਂ ਖੇਤਰਾਂ ਵਿਚ ਲਗਾਤਾਰ ਸਮੱਸਿਆਵਾਂ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਅਧਿਕਾਰੀਆਂ ਨੂੰ ਤੁਰੰਤ, ਪ੍ਰਭਾਵਸ਼ਾਲੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ | ਇਸ ਮੌਕੇ ਸਹਾਇਕ ਕਮਿਸ਼ਨਰ ਦਲਜੀਤ ਸਿੰਘ, ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਐੱਮ. ਟੀ. ਪੀ. ਨਰਿੰਦਰ ਸ਼ਰਮਾ, ਸਿਹਤ ਅਫਸਰ ਡਾ: ਯੋਗੇਸ਼ ਅਰੋੜਾ, ਸਹਾਇਕ ਸਿਹਤ ਅਫਸਰ ਡਾ: ਰਮਾ, ਐਕਸੀਅਨ ਐੱਸ. ਪੀ. ਸਿੰਘ, ਐਕਸੀਅਨ ਮਨਜੀਤ ਸਿੰਘ, ਐਕਸੀਅਨ ਗੁਰਜਿੰਦਰ ਸਿੰਘ ਆਦਿ ਮੌਜੂਦ ਸਨ |