ਅੰਮਿ੍ਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ 80ਵੀਂ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਸਾਇੰਸ ਸਮਿਟ ਵਿਚ 'ਭਾਰਤ ਦੀ ਨਵੀਨਤਾ ਪ੍ਰਣਾਲੀ ਨੂੰ ਮਜ਼ਬੂਤ ਕਰਨਾ: ਸਭ ਦੇ ਟਿਕਾਊ ਵਿਕਾਸ ਲਈ ਤਕਨੀਕੀ ਸੰਗ੍ਰਹਿ, ਹੁਨਰ ਵਿਕਾਸ ਅਤੇ ਵਿੱਤੀ ਸਮਾਵੇਸ਼' ਵਿਸ਼ੇ 'ਤੇ ਸੈਸ਼ਨ ਦੌਰਾਨ ਉਦਘਾਟਨੀ ਭਾਸ਼ਣ ਦਿੱਤਾ | ਆਪਣੇ ਸੰਬੋਧਨ 'ਚ ਪ੍ਰੋ. ਕਰਮਜੀਤ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਸਥਾਨਕ ਸਮੱਸਿਆਵਾਂ ਦੇ ਹੱਲ 'ਤੇ ਅਧਾਰਿਤ ਆਪਣਾ ਵਿਲੱਖਣ ਆਰਥਿਕ ਵਿਕਾਸ ਮਾਡਲ ਤਿਆਰ ਕਰਨ ਦੀ ਲੋੜ ਹੈ | ਉਨ੍ਹਾਂ ਨੇ ਖੋਜ ਅਤੇ ਵਿਕਾਸ ਵਿਚ ਵਧੇਰੇ ਨਿਵੇਸ਼, ਹੁਨਰ ਵਿਕਾਸ ਅਤੇ ਗੁਣਵੱਤਾ ਵਾਲੀ ਪੂੰਜੀ ਨਿਰਮਾਣ ਨੂੰ ਭਾਰਤ ਦੀ ਆਰਥਿਕ ਤਰੱਕੀ ਨੂੰ ਤੇਜ਼ ਕਰਨ ਲਈ ਜ਼ਰੂਰੀ ਦੱਸਿਆ | ਇਸ ਸੈਸ਼ਨ ਦਾ ਸੰਚਾਲਨ ਅਤੇ ਮਾਡਰੇਸ਼ਨ ਡਾ. ਸਵਾਤੀ ਮਹਿਤਾ, ਐਸੋਸੀਏਟ ਪ੍ਰੋਫੈਸਰ, ਪੰਜਾਬ ਸਕੂਲ ਆਫ ਇਕਨੌਮਿਕਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕੀਤਾ | ਇਸ ਆਨਲਾਈਨ ਸੈਸ਼ਨ ਵਿਚ 50 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਨੇ ਸ਼ਿਰਕਤ ਕੀਤੀ | ਇਸ ਸੈਸ਼ਨ ਦੀ ਪ੍ਰਧਾਨਗੀ ਈਗਰੋ ਫਾਊਾਡੇਸ਼ਨ, ਭਾਰਤ ਦੇ ਸੰਸਥਾਪਕ ਡਾਇਰੈਕਟਰ, ਪ੍ਰੋ. ਚਰਨ ਸਿੰਘ, ਸੀਈਓ ਨੇ ਕੀਤੀ | ਪ੍ਰੋ. ਚਰਨ ਸਿੰਘ, ਪ੍ਰਸਿੱਧ ਅਰਥ ਸ਼ਾਸਤਰੀ ਪ੍ਰੋ. ਨਗੇਸ਼ ਕੁਮਾਰ, ਡਾਇਰੈਕਟਰ-ਜਨਰਲ, ਇੰਸਟੀਚਿਊਟ ਫਾਰ ਸਟੱਡੀਜ਼ ਇਨ ਇੰਡਸਟਰੀਅਲ ਡਿਵੈਲਪਮੈਂਟ (ਆਈਐਸਆਈਡੀ), ਨਵੀਂ ਦਿੱਲੀ ਅਤੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਦੇ ਮੈਂਬਰ, ਪ੍ਰੋ. ਅਰਧਨਾ ਅਗਰਵਾਲ, ਨੈਸ਼ਨਲ ਕਾਉਂਸਿਲ ਆਫ ਅਪਲਾਈਡ ਇਕਨੌਮਿਕ ਰਿਸਰਚ (ਐਨਸੀਏਈਆਰ) ਦੀ ਸੀਨੀਅਰ ਸਲਾਹਕਾਰ ਅਤੇ ਏਸ਼ੀਅਨ ਡਿਵੈਲਪਮੈਂਟ ਬੈਂਕ ਦੀ ਸਲਾਹਕਾਰ ਨੇ ਵਿਚਾਰ ਪੇਸ਼ ਕੀਤੇ | ਖੇਤੀਬਾੜੀ ਅਰਥ ਸ਼ਾਸਤਰੀ ਪ੍ਰੋ. ਅਸ਼ੋਕ ਵਿਸ਼ੰਧਸ, ਇੰਡੀਅਨ ਇੰਸਟੀਚਿਊਟ ਆਫ ਪਬਲਿਕ ਐਡਿਮਿਨਸਟ੍ਰੇਸ਼ਨ (ਆਈਆਈਪੀਏ) ਦੇ ਅਪਲਾਈਡ ਇਕਨੌਮਿਕਸ ਦੇ ਪ੍ਰੋਫੈਸਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਕਮਿਸ਼ਨ ਫਾਰ ਐਗਰੀਕਲਚਰਲ ਕਾਸਟਸ ਐਂਡ ਪ੍ਰਾਈਸਿਜ਼ (ਸੀਏਸੀਪੀ) ਦੇ ਸਾਬਕਾ ਚੇਅਰਮੈਨ, ਨੇ ਖੇਤੀਬਾੜੀ ਵਿਚ ਨਵੀਨਤਾ ਨੂੰ ਵਧਾਉਣ ਦੀ ਤੁਰੰਤ ਲੋੜ 'ਤੇ ਜ਼ੋਰ ਦਿੱਤਾ | ਪ੍ਰੋ. ਸੁਪਰੀਤ ਕੌਰ, ਯੂਨੀਵਰਸਿਟੀ ਆਫ ਕੈਲੀਫੋਰਨੀਆ, ਬਰਕਲੇ ਦੀ ਐਸੋਸੀਏਟ ਪ੍ਰੋਫੈਸਰ, ਨੇ ਭਾਰਤ ਦੇ ਲੇਬਰ ਮਾਰਕੀਟ 'ਤੇ ਆਪਣੀ ਖੋਜ ਸਾਂਝੀਆਂ ਕਰਦਿਆਂ ਨੌਕਰੀਆਂ ਦੀ ਪ੍ਰਕਿਰਤੀ, ਰੁਜ਼ਗਾਰ ਦੇ ਮੌਕਿਆਂ ਅਤੇ ਕਾਮਿਆਂ ਦੀਆਂ ਤਰਜੀਹਾਂ 'ਤੇ ਚਰਚਾ ਕੀਤੀ |