ਮੀਆਂਵਿੰਡ, 30 ਅਗਸਤ (ਗੁਰਪ੍ਰਤਾਪ ਸਿੰਘ ਸੰਧੂ)-ਪਹਾੜੀ ਰਾਜਾਂ ਵਿਚ ਪੈ ਰਹੇ ਭਾਰੀ ਮੀਂਹ ਅਤੇ ਫੱਟ ਰਹੇ ਬੱਦਲਾਂ ਕਾਰਨ ਪੰਜਾਬ ਦੇ ਦਰਿਆਵਾਂ ਵਿਚ ਆਏ ਵਿਚ ਹੜ੍ਹਾਂ ਨੇ ਪੰਜਾਬ ਵਿਚ ਤਬਾਹੀ ਮਚਾਈ ਹੋਈ ਹੈ, ਜਿੱਥੇ ਹਜ਼ਾਰਾਂ ਲੋਕ ਘਰੋਂ ਬੇਘਰ ਹੋ ਗਏ ਹਨ, ਉੱਥੇ ਕਿਸਾਨਾਂ ਦੀਆਂ ਲੱਖਾਂ ਏਕੜ ਪੁੱਤਾਂ ਵਾਂਗ ਪਾਲੀਆਂ ਫ਼ਸਲਾਂ ਝੋਨਾ, ਬਾਸਮਤੀ, ਗੰਨਾ ਤੇ ਪਸ਼ੂਆਂ ਦੇ ਪੱਠੇ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ ਪਰ ਸਰਕਾਰ ਪੀੜ੍ਹਤਾਂ ਨੂੰ ਕੋਈ ਵੀ ਰਾਹਤ ਫੰਡ ਨਹੀਂ ਦੇ ਰਹੀ | ਇਹ ਸ਼ਬਦ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਬਲਾਕ ਪ੍ਰਧਾਨ ਸਾਬਕਾ ਸਰਪੰਚ ਅਰਜਨਬੀਰ ਸਿੰਘ ਕੰਗ, ਸਰਪੰਚ ਸੁਖਮਨਜੀਤ ਸਿੰਘ ਬੋਤਲਕੀੜੀ, ਸਾਬਕਾ ਸਰਪੰਚ ਜੇ.ਪੀ. ਜਵੰਦਪੁਰ, ਤਜਿੰਦਰ ਸਿੰਘ ਕੰਗ ਨੇ ਸਾਂਝੇ ਬਿਆਨ 'ਚ ਕਹੇ | ਉਨ੍ਹਾਂ ਕਿਹਾ ਕਿ ਜਦੋਂ 2023 ਵਿਚ ਹੜ੍ਹ ਆਏ ਸਨ ਉਦੋਂ ਵੀ ਪੰਜਾਬ ਸਰਕਾਰ ਵਲੋਂ ਕੋਈ ਮੁਆਵਜ਼ਾ ਜਾਂ ਕੋਈ ਹੋਰ ਰਾਹਤ ਨਹੀਂ ਸੀ ਦਿੱਤੀ ਪਰ ਉਸ ਸਮੇਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਵਲੋਂ ਆਪਣੇ ਐਮ.ਪੀ. ਲੈਂਡ ਫੰਡ ਵਿਚੋਂ 20 ਲੱਖ ਰੁਪਏ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਹੜ੍ਹ ਪੀੜ੍ਹਤ ਕਿਸਾਨਾਂ ਨੂੰ ਦਿੱਤੇ ਸਨ | ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਜੇ ਪਿਛਲੀ ਵਾਰ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਤਾਂ ਇਸ ਵਾਰ ਮੁਆਵਜਾ ਜ਼ਰੂਰ ਦਿੱਤਾ ਜਾਵੇ ਤਾਂ ਜੋ ਕੁਝ ਨਾ ਕੁਝ ਉਨ੍ਹਾਂ ਨੂੰ ਰਾਹਤ ਮਿਲ ਸਕੇ |