ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ)-ਕਾਂਗਰਸ ਵਲੋਂ ਕੀਤੀ ਗਈ ਦੇਸ਼-ਪੱਧਰੀ ਮੁਹਿੰਮ 'ਸੰਗਠਨ ਸਿਰਜਣ ਅਭਿਆਨ' ਤਹਿਤ ਕਾਂਗਰਸ ਦਿਹਾਤੀ ਦੀ ਮੀਟਿੰਗ ਸਥਾਨਕ ਹੋਟਲ ਵਿਖੇ ਹੋਈ, ਜਿਸ ਵਿਚ ਦਿਹਾਤੀ ਕਾਂਗਰਸ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ | ਬੁਲਾਰਿਆਂ ਦੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਜ਼ਮੀਨੀ ਪੱਧਰ 'ਤੇ ਪਾਰਟੀ ਵਰਕਰਾਂ ਨੂੰ ਸਸ਼ਕਤ ਕਰਨਾ ਅਤੇ ਸੰਗਠਨਾਤਮਕ ਢਾਂਚੇ ਨੂੰ ਮਜ਼ਬੂਤ ਕਰਨਾ ਹੈ | ਇਸ ਸਬੰਧੀ ਲੁਧਿਆਣਾ ਦਿਹਾਤੀ ਲਈ ਏ.ਆਈ.ਸੀ.ਸੀ ਆਬਜ਼ਰਵਰ ਡਾ. ਸ਼ਿਖਾ ਮੀਲ ਰਾਜਸਥਾਨ ਤੋਂ ਸੀਨੀਅਰ ਪਾਰਟੀ ਨੇਤਾ ਅਤੇ ਵਿਧਾਇਕ ਨੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ ਅਤੇ ਕਾਂਗਰਸ ਹਾਈਕਮਾਂਡ ਵਲੋਂ ਕਾਂਗਰਸ ਦੀ ਮਜ਼ਬੂਤੀ ਲਈ ਦਿੱਤੇ ਗਏ ਸੁਝਾਅ ਪਾਰਟੀ ਵਰਕਰਾਂ ਨਾਲ ਸਾਂਝੇ ਕੀਤੇ | ਡਾ. ਮੀਲ ਨੇ ਕਿਹਾ ਕਿ ਮੁਹਿੰਮ ਦੇ ਤਹਿਤ ਉਹ ਪਾਰਟੀ ਵਰਕਰਾਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰ ਰਹੀਆਂ ਹਨ ਅਤੇ ਇਸ ਬਾਰੇ ਦੀ ਫੀਡ ਬੈਕ ਪਾਰਟੀ ਹਾਈਕਮਾਂਡ ਨੂੰ ਦਿੱਤੀ ਜਾਵੇਗੀ | ਉਨ੍ਹਾਂ ਜ਼ੋਰ ਦਿੱਤਾ ਕਿ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਨੇ ਜ਼ਿਲ੍ਹਾ ਪੱਧਰ ਦੀਆਂ ਇਕਾਈਆਂ ਨੂੰ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨਾਂ ਨੂੰ ਸਸ਼ਕਤ ਕਰਨ 'ਤੇ ਖ਼ਾਸ ਧਿਆਨ ਦਿੱਤਾ ਹੈ | ਡਾ. ਮੀਲ ਦੇ ਨਾਲ ਸੀਨੀਅਰ ਪਾਰਟੀ ਨੇਤਾ ਅਤੇ ਪੀ.ਸੀ.ਸੀ. ਜਨਰਲ ਸਕੱਤਰ (ਸੰਗਠਨ) ਕੈਪਟਨ ਸੰਦੀਪ ਸੰਧੂ, ਪਵਨ ਆਦਿਆ ਸਾਬਕਾ ਵਿਧਾਇਕ, ਰਾਜ ਕੰਵਲ ਲੱਕੀ, ਮੇਜਰ ਸਿੰਘ ਮੁੱਲਾਂਪੁਰ ਜ਼ਿਲ੍ਹਾ ਪ੍ਰਧਾਨ ਦਿਹਾਤੀ, ਹਰਕਰਨਦੀਪ ਸਿੰਘ ਵੈਦ ਸਾਬਕਾ ਕੌਂਸਲਰ ਆਦਿ ਵੀ ਮੌਜੂਦ ਸਨ |