ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਲੋਂ ਇਸ ਵਰ੍ਹੇ ਸਾਲ-2025 ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ 'ਜੀ ਆਇਆਂ' ਆਖਿਆ ਗਿਆ | ਸਟੂਡੈਂਟ ਹੋਮ ਦੇ ਆਡੀਟੋਰੀਅਮ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਹੋਇਆ, ਜਿਸ ਵਿਚ ਸਟੱਡੀ ਸਰਕਲ ਦੇ ਸੀਨੀਅਰ ਵਿਦਿਆਰਥੀ ਅਹੁਦੇਦਾਰਾਂ ਤੇ ਯੂਨਿਟ ਪ੍ਰਧਾਨ ਡਾ: ਬੂਟਾ ਸਿੰਘ ਨੇ ਜਿੱਥੇ ਨਵੇਂ ਮੈਂਬਰਾਂ ਨੂੰ ਯੂਨੀਵਰਸਿਟੀ ਬਾਰੇ ਜਾਣਕਾਰੀ ਦਿੱਤੀ ਉੱਥੇ ਨਾਲ ਹੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੱਲ ਰਹੇ ਸੇਵਾ ਕਾਰਜਾਂ, ਵੱਖ-ਵੱਖ ਕਾਲਜਾਂ ਵਿਚ ਚੱਲ ਰਹੀਆਂ ਗਤੀਵਿਧੀਆਂ, ਨੈਤਿਕ ਸਿੱਖਿਆ ਤੇ ਕੀਰਤਨ ਕਲਾਸਾਂ ਅਤੇ ਲਗਾਤਾਰ ਲੱਗ ਰਹੇ ਹਫਤਾਵਾਰੀ ਸਟੱਡੀ ਸਰਕਲਾਂ ਬਾਰੇ ਵੀਡੀਓ ਰਾਹੀਂ ਜਾਣਕਾਰੀ ਦਿੱਤੀ | ਸਮਾਗਮ ਦੀ ਪ੍ਰਧਾਨਗੀ ਮੰਡਲ ਵਿਚ ਡਾ: ਐਮ.ਆਈ ਸਿੰਘ ਗਿੱਲ ਡੀਨ ਪੀ.ਜੀ, ਡਾ: ਚਰਨਜੀਤ ਸਿੰਘ ਅੋਲਖ ਡੀਨ ਐਗਰੀਕਲਚਰ, ਡਾ: ਮਨਮੋਹਨ ਜੀਤ ਸਿੰਘ ਡੀਨ ਬਲੋਵਾਲ ਕਾਲਜ ਤੇ ਡਿਪਟੀ ਡਾਇਰੈਕਟਰ ਸਟੁਡੈਂਟਸ ਵੈਲਫੇਅਰ ਸ਼ਾਮਿਲ ਹੋਏ ਅਤੇ ਉਨ੍ਹਾਂ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ | ਮੁੱਖ ਮਹਿਮਾਨ ਵਜੋਂ ਗੁਰਮੀਤ ਸਿੰਘ ਫਾਉਡਰ ਮੈਂਬਰ ਤੇ ਪ੍ਰਧਾਨ, ਪ੍ਰਤਾਪ ਸਿੰਘ ਫਾਊਡਰ ਪ੍ਰਧਾਨ ਪੀ.ਏ.ਯੂ ਯੂਨਿਟ ਅਤੇ ਡਾ: ਸਰਬਜੀਤ ਸਿੰਘ ਰੇਨੂਕਾ ਸਾਬਕਾ ਪ੍ਰਧਾਨ ਪੀ.ਏ.ਯੂ ਯੂਨਿਟ ਸ਼ਾਮਿਲ ਹੋਏ | ਉਨ੍ਹਾਂ ਧਰਮੀ ਅਤੇ ਸਚਿਆਰ ਮਨੁੱਖ ਦੀ ਗੁਰਬਾਣੀ ਅਨੁਸਾਰ ਪਰਿਭਾਸ਼ਾ, ਸਰਬੱਤ ਦੇ ਭਲੇ ਦੀ ਸਾਰਥਿਕਤਾ ਅਤੇ ਸਟੱਡੀ ਸਰਕਲ ਦੇ ਉਦੇਸ਼ਾਂ ਅਤੇ ਇਸਦੀ ਵਿਦਿਅਕ ਕਾਰਜਸਾਲੀ ਬਾਰੇ ਵਿਚਾਰਾਂ ਦੀ ਸਾਂਝ ਪਾਈ | ਸਮਾਗਮ ਦੀ ਅਰੰਭਤਾ ਸਬਦ ਨਾਲ ਹੋਈ ਅਤੇ ਸਟੇਜ ਦੀ ਕਾਰਵਾਈ ਅਨੁਰਾਗਦੀਪ ਸਿੰਘ ਯੂਨਿਟ ਪ੍ਰਧਾਨ ਤੇ ਬੀਬਾ ਰਮਨਦੀਪ ਕੌਰ ਸਕੱਤਰ ਨੇ ਬਾਖੂਬੀ ਨਿਭਾਈ | ਸਮੂਹ ਮੈਂਬਰਾਂ ਨੂੰ ਪੀ.ਏ.ਯੂ ਮੈਗਜੀਨ ਅਤੇ ਹੋਰ ਲਿਟਰੇਚਰ ਵੰਡਿਆ ਗਿਆ | ਜਸਪਾਲ ਸਿੰਘ ਕੋਚ ਜੋਨਲ ਸਕੱਤਰ ਲੁਧਿਆਣਾ, ਜਸਪਾਲ ਸਿੰਘ ਪਿੰਕੀ ਕੋਆਰਡੀਨੇਟਰ, ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ, ਅਧਿਆਪਕ ਤੂਰ ਅਤੇ ਹੋਰ ਅਧਿਆਪਕ ਹਾਜ਼ਰ ਸਨ |