ਫੁੱਲਾਂਵਾਲ/ਇਆਲੀ/ਥਰੀਕੇ, 19 ਸਤੰਬਰ (ਮਨਜੀਤ ਸਿੰਘ ਦੁੱਗਰੀ)-ਧਰਤੀ ਹੇਠਲੇ ਪੀਣ ਵਾਲੇ ਪਾਣੀ ਦੇ ਨਿੱਤ ਦਿਨ ਡਿਗ ਰਹੇ ਲੈਵਲ ਨੂੰ ਲੈ ਕੇ ਪੰਜਾਬ ਜਲ ਨਿਯਮਨ ਅਤੇ ਵਿਕਾਸ ਡਿਵੈਲਪਮੈਂਟ ਅਥਾਰਿਟੀ ਵਲੋਂ ਕਿਸੇ ਵੀ ਤਰ੍ਹਾਂ ਦੇ ਸਮਰਸੀਬਲ ਬੋਰ ਕਰਨ 'ਤੇ ਪੂਰਨ ਰੂਪ ਵਿਚ ਪਾਬੰਦੀ ਲਗਾਈ ਹੋਈ ਹੈ | ਨਗਰ ਨਿਗਮ ਲੁਧਿਆਣਾ ਅਧੀਨ ਆਉਂਦੇ ਏਰੀਆਂ ਵਿਚ ਤਾਂ ਨਿਗਮ ਕਿਸੇ ਵੀ ਤਰ੍ਹਾਂ ਦੇ ਸਮਰਸੀਬਲ ਲੱਗਣ 'ਤੇ ਤੁਰੰਤ ਕਾਰਵਾਈ ਕਰਦਾ ਹੋਇਆ ਚਲਾਨ ਕੱਟਣ ਤੋਂ ਲੈ ਕੇ ਮਸ਼ੀਨਰੀ ਤੱਕ ਜ਼ਬਤ ਕਰ ਲੈਂਦਾ ਹੈ, ਪਰ ਇਸ ਦੇ ਉਲਟ ਗ੍ਰੇਟਰ ਲੁਧਿਆਣਾ ਵਿਕਾਸ ਡਿਵੈਲਪਮੈਂਟ ਅਥਾਰਿਟੀ ਅਧੀਨ ਆਉਂਦੇ ਏਰੀਆਂ ਵਿਚ ਅਣਅਧਿਕਾਰਤ ਸਮਰਸੀਬਲ ਪੰਪਾਂ ਦਾ ਲੱਗਣਾ ਅਤੇ ਇਕ ਏਕੜ ਤੱਕ ਦੇ ਰਕਬੇ ਵਿਚ ਕਾਲੋਨੀਆਂ ਕੱਟ ਕੇ 50-50 ਗਜ ਦੇ ਪਲਾਟ ਕੱਟਣ ਦਾ ਰੁਝਾਨ ਬਿਨਾਂ ਕਿਸੇ ਰੋਕ ਟੋਕ ਦੇ ਜਾਰੀ ਹੈ, ਜਿਸ ਦੀ ਤਾਜਾ ਮਿਸਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਪੱਖੋਵਾਲ ਸੜਕ 'ਤੇ ਬਾਥ ਕੈਸਲ ਰਿਜੋਰਟ ਦੇ ਸਾਹਮਣੇ ਸੜਕ ਕਿਨਾਰੇ ਲੱਗ ਰਹੇ ਸਮਰਸੀਬਲ ਪੰਪ ਅਤੇ ਪਿੰਡ ਥਰੀਕੇ ਵਿਖੇ ਲਲਤੋਂ ਕਲਾਂ ਵੱਲ ਜਾਂਦੇ ਰਾਹ ਉੱਪਰ ਕਿਸੇ ਕਾਲੋਨਾਈਜਰ ਵਲੋਂ ਇਕ ਏਕੜ ਜਗ੍ਹਾ ਉੱਪਰ ਹੀ ਵਿਚਾਲੇ ਗਲੀ ਛੱਡ ਕੇ 50-50 ਗਜ ਦੇ ਪਲਾਟਾਂ ਦੀ ਕਾਲੋਨੀ ਕੱਟੀ ਗਈ | ਕਲੋਨੀ ਜਿੱਥੇ ਅਣਅਧਿਕਾਰਤ ਇਮਾਰਤਾਂ ਦੀ ਸ਼ਰ੍ਹੇਆਮ ਬਿਨਾਂ ਕਿਸੇ ਰੋਕ ਟੋਕ ਦੇ ਹੋ ਰਹੀ ਉਸਾਰੀ ਅਤੇ ਇਸੇ ਤਰ੍ਹਾਂ ਪੱਖੋਵਾਲ ਸੜਕ 'ਤੇ ਸਟੈਨ ਮੋਟਰ ਦੇ ਨਾਲ ਪੈਟਰੋਲ ਪੰਪ ਦੇ ਸਾਹਮਣੇ ਉੱਚੀ ਕੰਧ ਦੇ ਪਿੱਛੇ ਬਣ ਕੇ ਵੱਡਾ ਸ਼ੌਰੂਮ ਤਿਆਰ ਹੋ ਗਿਆ ਹੈ, ਜਿਸ ਨੂੰ ਗਲਾਡਾ ਨੇ ਐਨ.ਓ.ਸੀ. ਤੱਕ ਜਾਰੀ ਕਰਦਿਆਂ ਹੋਰਨਾਂ ਨੂੰ ਇਸ ਦੀ ਭਿਣਕ ਨਹੀਂ ਲੱਗਣ ਦਿੱਤੀ | ਇਨ੍ਹਾਂ ਅਣਅਧਿਕਾਰਤ ਇਮਾਰਤਾਂ ਵਿਚ ਆਉਣ ਵਾਲੇ ਦਿਨਾਂ ਵਿਚ ਬਿਜਲੀ ਦੇ ਕਨੈੱਕਸ਼ਨ ਵੀ ਬਿਨਾਂ ਕਿਸੇ ਰੋਕ ਟੋਕ ਦੇ ਲੱਗ ਜਾਣਗੇ, ਜਿਸ ਨਾਲ ਗਲਾਡਾ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਕਾਰਗੁਜਾਰੀ 'ਤੇ ਸਵਾਲੀਆ ਚਿੰਨ੍ਹ ਨਜ਼ਰੀ ਆਉਂਦਾ ਹੈ | ਜਦੋਂ ਇਸ ਬਾਬਤ ਪੱਖ ਜਾਣਨ ਲਈ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਿਟੀ ਦੇ ਸੀ.ਏ. ਸੰਜੀਵ ਕਪੂਰ ਆਈ.ਏ.ਐਸ. ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਬਿਨਾਂ ਕੁੱਝ ਮਸਲਾ ਸੁਣੇ ਹੀ ਨੋਡਲ ਅਫ਼ਸਰ ਨਾਲ ਗੱਲ ਕਰਨ ਦਾ ਕਹਿ ਕੇ ਫ਼ੋਨ ਕੱਟ ਦਿੱਤਾ | ਇਸੇ ਤਰ੍ਹਾਂ ਜੂਨੀਅਰ ਇੰਜੀਨੀਅਰ ਅਮਰਜੀਤ ਸਿੰਘ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫ਼ੋਨ ਚੁੱਕਣਾ ਹੀ ਮੁਨਾਸਬ ਨਾ ਸਮਝਿਆ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਹ ਗਲਾਡਾ ਦੇ ਕਹਿਣ 'ਤੇ ਹੀ ਉਸ ਵਲੋਂ ਜਾਰੀ ਕੀਤੀ ਐਨ.ਸੀ.ਓ. ਦੇ ਆਧਾਰ 'ਤੇ ਬਿਜਲੀ ਕੁਨੈਕਸ਼ਨ ਜਾਰੀ ਕਰਦੇ ਹਨ | ਆਖਰ ਇਸ ਦਾ ਕੀ ਕਾਰਨ ਹੈ, ਇਸ ਬਾਰੇ ਤਾਂ ਹੁਣ ਸੰਬੰਧਿਤ ਅਧਿਕਾਰੀ ਹੀ ਕੁੱਝ ਕਹਿ ਸਕਦੇ ਹਨ |