ਡੇਰਾਬੱਸੀ, 29 ਅਗਸਤ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਜ਼ਿਲ੍ਹਾ ਮੁਹਾਲੀ ਪ੍ਰਸ਼ਾਸਨ ਵਲੋਂ ਘੱਗਰ ਦੇ ਆਸ-ਪਾਸ ਰਹਿਣ ਵਾਲੇ ਪਿੰਡਾਂ ਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ | ਸਵੇਰੇ 8 ਵਜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ 70,000 ਕਿਊਸਿਕ ਨੂੰ ਪਾਰ ਕਰ ਗਿਆ ਸੀ | ਘੱਗਰ ਦਰਿਆ ਦੇ ਕੈਚਮੈਂਟ ਖੇਤਰ 'ਚ ਮੀਂਹ ਵਧਣ ਅਤੇ ਸੁਖਨਾ ਗੇਟ ਖੋਲ੍ਹਣ ਕਾਰਨ ਡੇਰਾਬੱਸੀ ਸਬ-ਡਵੀਜ਼ਨ ਦੇ ਕਿਨਾਰਿਆਂ 'ਤੇ ਸਥਿਤ ਪਿੰਡਾਂ ਦੇ ਵਸਨੀਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ | ਘੱਗਰ ਤੋਂ ਪ੍ਰਭਾਵਿਤ ਹੋਣ ਵਾਲੇ ਤਤਕਾਲੀ ਪਿੰਡ ਟਿਵਾਣਾ, ਖਜੂਰ ਮੰਡੀ, ਸਾਧਾਂਪੁਰ, ਸਰਸੀਣੀ, ਆਲਮਗੀਰ, ਡੰਗਡੇਹਰਾ, ਮੁਬਾਰਕਪੁਰ, ਮੀਰਪੁਰ ਅਤੇ ਬਾਕਰਪੁਰ ਦੇ ਵਸਨੀਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਲਰਟ ਕੀਤਾ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੰਟਰੋਲ ਰੂਮ ਨੰ : 0172-2219506, ਮੋਬਾਈਲ ਨੰ : 76580-51209 ਤੇ ਉਪ ਮੰਡਲ ਡੇਰਾਬੱਸੀ 01762-283224 ਆਦਿ ਜਾਰੀ ਕੀਤੇ ਗਏ ਹਨ | ਸਿੰਚਾਈ ਵਿਭਾਗ ਵਲੋਂ ਪਿੰਡ ਭਾਂਖਰਪੁਰ ਦੇ ਘੱਗਰ ਦਰਿਆ ਦੇ ਪੁਲ ਥੱਲ੍ਹੇ ਪਾਣੀ ਨੂੰ ਮਾਪਣ ਵਾਲੇ ਅਮਲੇ ਨੇ ਘੱਗਰ 'ਚ ਪਾਣੀ ਵਧਣ ਦੀ ਪੁਸ਼ਟੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਸਵੇਰੇ 4 ਵਜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਲੱਗਾ ਸੀ, ਜੋ ਕਿ ਦੇਖਦੇ ਹੀ ਦੇਖਦੇ 10 ਫੁੱਟ ਤੱਕ ਪੁੱਜ ਗਿਆ | ਸਵੇਰੇ 9 ਵਜੇ ਪਾਣੀ ਦਾ ਪੱਧਰ ਸਾਢੇ 11 ਫੁੱਟ 'ਤੇ ਵੱਗ ਰਿਹਾ ਸੀ |