ਜ਼ੀਰਕਪੁਰ, 29 ਅਗਸਤ (ਮਨਿੰਦਰ ਸਿੰਘ)-ਬਲਟਾਣਾ ਪੁਲਿਸ ਨੇ ਸਵਾਰੀਆਂ ਨੂੰ ਆਟੋ ਵਿਚ ਬਿਠਾ ਕੇ ਲੁੱਟਣ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਆਟੋ ਵਿਚ ਨਕਲੀ ਸਵਾਰੀ ਬਣ ਕੇ ਬੈਠ ਜਾਂਦੇ ਹਨ ਅਤੇ ਅੰਬਾਲਾ ਜਾਣ ਵਾਲੇ ਲੋਕਾਂ ਨੂੰ ਆਟੋ ਵਿਚ ਬਿਠਾ ਕੇ ਸੁੰਨਸਾਨ ਥਾਂ 'ਤੇ ਲਿਜਾ ਕੇ ਲੁੱਟ ਲੈਂਦੇ ਹਨ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਯੋਜਨਾ ਬਣਾ ਕੇ ਚਾਰ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ, ਜਿਨ੍ਹਾਂ ਦੀ ਪਛਾਣ ਪ੍ਰਸ਼ਾਂਤ, ਰਮੇਸ਼ ਕੁਮਾਰ ਪਾਲ, ਅਨਿਲ ਕੁਮਾਰ ਅਤੇ ਪਿ੍ਅੰਕਾ ਸਾਰੇ ਵਾਸੀ ਚੰਡੀਗੜ੍ਹ ਵਜੋਂ ਹੋਈ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਬਲਟਾਣਾ ਚੌਕੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 27 ਅਗਸਤ ਨੂੰ ਸਵੇਰੇ ਇਸ ਗਰੋਹ ਵਲੋਂ ਇਕ ਵਿਅਕਤੀ ਕੋਲੋਂ ਆਟੋ ਵਿਚ ਬਿਠਾ ਕੇ 5 ਹਜ਼ਾਰ ਰੁ. ਦੀ ਨਗਦੀ ਲੁੱਟੀ ਗਈ ਸੀ | ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਗਰੋਹ ਅਗਲੇ ਸ਼ਿਕਾਰ ਦੀ ਭਾਲ ਵਿਚ ਮੁੜ ਬਲਟਾਣਾ ਵੱਲ ਆ ਰਿਹਾ ਸੀ ਅਤੇ ਇਸੇ ਦੌਰਾਨ ਏ. ਐਸ. ਆਈ. ਸੁਲੱਖਣ ਸਿੰਘ ਨੇ ਪੁਲਿਸ ਪਾਰਟੀ ਸਮੇਤ ਅੰਬਾਲਾ ਮੁੱਖ ਮਾਰਗ 'ਤੇ ਬਲਟਾਣਾ ਮੋੜ ਨੇੜੇ ਨਾਕਾਬੰਦੀ ਕਰਕੇ ਇਸ ਗਰੋਹ ਨੂੰ ਕਾਬੂ ਕਰਕੇ ਇਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ | ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਇਨ੍ਹਾਂ ਸਾਰਿਆਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ |