ਡੇਰਾਬੱਸੀ, 20 ਸਤੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਪਿੰਡ ਚਡਿਆਲਾ ਨੇੜੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਮਿ੍ਤਕ ਦੀ ਪਛਾਣ ਪਿੰਟੂ ਕੁਮਾਰ (42) ਪੁੱਤਰ ਰਾਜ ਕੁਮਾਰ ਵਾਸੀ ਪਿੰਡ ਬਰੌਲੀ ਦੇ ਤੌਰ 'ਤੇ ਹੋਈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਟੂ ਕੁਮਾਰ ਤੇ ਉਸ ਦੇ ਪਿਤਾ ਮਨਿਆਰੀ ਦਾ ਕੰਮ ਕਰਦੇ ਸਨ, ਜੋ ਕਿ ਹਾਦਸੇ ਸਮੇਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੰਬਾਲਾ ਤੋਂ ਆਪਣੇ ਪਿੰਡ ਬਰੌਲੀ ਵਾਪਸ ਪਰਤ ਰਹੇ ਸਨ | ਇਹ ਹਾਦਸਾ ਕਰੀਬ ਪੌਣੇ 8 ਵਜੇ ਵਾਪਰਿਆ, ਜਿਸ ਦੌਰਾਨ ਇਕ ਅਣਪਛਾਤੇ ਵਾਹਨ ਦੀ ਪਿੱਛੋਂ ਤੋਂ ਟੱਕਰ ਵੱਜਣ ਕਾਰਨ ਦੋਵੇਂ ਪਿਓ-ਪੁੱਤਰ ਮੋਟਰਸਾਈਕਲ ਤੋਂ ਹੇਠ ਡਿੱਗ ਗਏ | ਇਸ ਦੌਰਾਨ ਪਿੰਟੂ ਦਾ ਸਿਰ ਸੜਕ ਨਾਲ ਜਾ ਟਕਰਾਇਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਵੀ ਸੜਕ 'ਤੇ ਡਿੱਗ ਕੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਉਨ੍ਹਾਂ ਨੂੰ ਰਾਹਗੀਰਾਂ ਨੇ ਇਲਾਜ ਲਈ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ, ਜਿਥੋਂ ਕਿ ਉਨ੍ਹਾਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਗੌਰਮਿੰਟ ਹਸਪਤਾਲ ਸੈਕਟਰ-32 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ ਗਿਆ | ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਨਾ ਤਾਂ ਐਂਬੂਲੈਂਸ ਮੌਕੇ 'ਤੇ ਪਹੁੰਚੀ ਅਤੇ ਨਾ ਹੀ ਕੋਈ ਪੁਲਿਸ ਅਧਿਕਾਰੀ ਆਇਆ | ਮਿ੍ਤਕ ਆਪਣੇ ਪਿੱਛੇ ਵਿਧਵਾ ਤੋਂ ਇਲਾਵਾ ਤਿੰਨ ਧੀਆਂ ਅਤੇ ਇਕ ਪੁੱਤਰ ਛੱਡ ਗਿਆ ਹੈ |