ਰੂਪਨਗਰ, 30 ਅਗਸਤ (ਯਸ਼ਵੰਤ ਬੱਸੀ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਲਈ ਜ਼ਿਲ੍ਹਾ ਰੂਪਨਗਰ ਪੁਲਿਸ ਵੱਲੋਂ ਨਸ਼ੇ ਨੂੰ ਵੇਚਣ ਵਾਲਿਆਂ ਵਿਰੁੱਧ ਕਾਰਵਾਈਆਂ ਨਿਰੰਤਰ ਜਾਰੀ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਪੁਲਿਸ ਵਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ''ਯੁੱਧ ਨਸ਼ਿਆ ਵਿਰੁੱਧ'' ਮੁਹਿੰਮ ਦੀ ਲਗਾਤਾਰਤਾ ਵਿਚ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਸਥਾਨਾ ਤੇ ਨਾਕਾਬੰਦੀਆਂ ਅਤੇ ਗਸ਼ਤਾ ਰਾਹੀ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਥਾਣਾ ਸਦਰ ਰੂਪਨਗਰ ਵੱਲੋਂ ਰਾਹੁਲ ਕਾਮਦ ਵਾਸੀ ਪਿੰਡ ਖਿੱਜਪੁਰ ਥਾਣਾ ਬਾਬੂਬੜੀ ਜ਼ਿਲ੍ਹਾ ਮੱਧੂਵਨੀ ਬਿਹਾਰ ਹਾਲ ਵਾਸੀ ਥਰਮਲ ਪਲਾਂਟ ਘਨੋਲੀ ਥਾਣਾ ਸਦਰ ਰੂਪਨਗਰ ਨੂੰ ਗਿ੍ਫਤਾਰ ਕਰਕੇ ਉਸ ਪਾਸੋਂ 7 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਕੀਤਾ ਗਿਆ ਅਤੇ ਉਸ ਖਿਲਾਫ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਜ਼ਿਲ੍ਹਾ ਪੁਲਿਸ ਮੁੱਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਪ੍ਰਾਜੈਕਟ 'ਸੰਪਰਕ' ਦੀ ਲਗਾਤਾਰਤਾ ਵਿਚ ਆਮ ਪਬਲਿਕ ਨੂੰ ਨਸ਼ਿਆ ਦੇ ਮਾੜੇ ਪ੍ਰਭਾਵਾ ਸਬੰਧੀ ਜਾਗੂਰਕ ਕਰਨ ਅਤੇ ਪੁਲਿਸ ਨਾਲ ਪਬਲਿਕ ਦਾ ਤਾਲਮੇਲ ਹੋਰ ਵਧਾਉਣ ਲਈ ਪਿੰਡਾ ਵਿਚ ਜਾ ਕੇ ਗਜਟਿਡ ਅਫ਼ਸਰਾਂ ਅਤੇ ਮੁੱਖ ਅਫ਼ਸਰ ਥਾਣਾ ਵਲੋ ਮੀਟਿੰਗਾ ਕਰਕੇ ਉਨ੍ਹਾਂ ਨੂੰ ਪੰਜਾਬ ਐਂਟੀ ਡਰੱਗ ਹੈਲਪਲਾਇਨ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਦੇ ਸੁਝਾਅ ਵੀ ਲਏ ਗਏ |