ਅਟਾਰੀ, (ਅੰਮਿ੍ਤਸਰ) 29 ਅਗਸਤ (ਗੁਰਦੀਪ ਸਿੰਘ ਅਟਾਰੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਬੀ. ਓ. ਪੀ. ਦਾਉਕੇ ਦੇ ਏਰੀਏ ਵਿਚੋਂ ਬੀ. ਐੱਸ. ਐੱਫ. ਵਲੋਂ ਪਾਕਿਸਤਾਨ ਤੋਂ ਆਇਆ ਵਿਦੇਸ਼ੀ ਪਿਸਟਲ ਬਰਾਮਦ ਕੀਤਾ ਗਿਆ | ਅਟਾਰੀ ਸਰਹੱਦ 'ਤੇ ਤਾਇਨਾਤ ਬੀ. ਐੱਸ. ਐੱਫ. ਦੀ 181 ਬਟਾਲੀਅਨ ਦੇ ਜਵਾਨ ਜਦੋਂ ਸਹਾਇਕ ਕਮਾਂਡੈਂਟ ਬੀ. ਐੱਸ. ਡੋਗਰਾ ਦੀ ਅਗਵਾਈ ਵਿਚ ਗਸ਼ਤ ਕਰ ਰਹੇ ਸਨ ਤਾਂ ਸ਼ੱਕੀ ਚੀਜ਼ ਦਿਖਾਈ ਦਿੱਤੀ, ਜਿਸ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿਚੋਂ ਸਮੇਤ ਮੈਗਜੀਨ ਗਲੋਕ ਪਿਸਟਲ ਮਿਲਿਆ | ਇਸ ਉੱਪਰ ਗਲੋਕ 26 ਜੇਨ 5 ਆਸਟਰੀਆ ਪੀ ਐਕਸ 19 ਮਾਰਕਾ ਛਪਿਆ ਹੋਇਆ ਹੈ | ਬੀ. ਐੱਸ. ਐੱਫ. ਦੇ ਇੰਸਪੈਕਟਰ ਵਿਕਾਸ ਪਵਾਰ ਵਲੋਂ ਪਿਸਟਲ ਸਮੇਤ ਮੈਗਜੀਨ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ | ਪੁਲਿਸ ਥਾਣਾ ਘਰਿੰਡਾ ਵਲੋਂ ਨਾਮਲੂਮ ਵਿਅਕਤੀ ਖ਼ਿਲਾਫ਼ ਆਰਮਜ ਐਕਟ ਤਹਿਤ ਪਰਚਾ ਦਰਜ ਰਜਿਸਟਰ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |