28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਗ਼ਰੀਬ ਕਿਸਾਨ ਪਰਿਵਾਰ ਦਾ ਹੜ੍ਹ ਨੇ ਜਿੱਥੇ ਘਰ ਖੋਹਿਆ, ਫ਼ਸਲ ਖੋਹੀ ਉੱਥੇ ਘਰ ਦੀ ਸੁਆਣੀ ਵੀ ਖੋਹ ਲਈ <br/>

ਅਜੀਤ ਡੈਸਕ 20-09-2025
ਗੱਗੋਮਾਹਲ/ਰਮਦਾਸ, 19 ਸਤੰਬਰ (ਸੰਧੂ, ਵਾਹਲਾ)-ਦਰਿਆ ਰਾਵੀ ਦੇ ਹੜ੍ਹ ਨੇ ਜਿੱਥੇ ਗਰੀਬ ਕਿਸਾਨ ਪਰਿਵਾਰ ਦਾ ਘਰ ਢਹਿ ਢੇਰੀ ਕੀਤਾ ਉੱਥੇ ਫਸਲ ਦੀ ਮਾਰ ਦੇ ਨਾਲ-ਨਾਲ ਘਰ ਦੀ ਸੁਆਣੀ ਜਸਬੀਰ ਕੌਰ ਨੂੰ ਵੀ ਨਿਗਲ ਗਿਆ | ਇਸ ਦੁੱਖ ਭਰੀ ਦਾਸਤਾਨ ਦੱਸਦਿਆਂ ਸਰਬਜੀਤ ਸਿੰਘ, ਪ੍ਰਭਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰ: 4 ਰਮਦਾਸ ਨੇ ਦੱਸਿਆ ਕਿ ਉਹ ਗੁਰਦੁਆਰਾ ਕਿਸ਼ਨ ਕੰਵਰ ਤਲਾਬ ਬਾਬਾ ਬੁੱਢਾ ਸਾਹਿਬ ਤੋਂ ਥੋੜੀ ਦੂਰ ਆਪਣੀ ਜ਼ਮੀਨ ਵਿਚ ਘਰ ਪਾ ਕੇ ਰਹਿੰਦੇ ਹਨ ਜਿੱਥੇ ਉਨ੍ਹਾਂ ਨਾਲ ਪਹਿਲਾਂ ਪਰਿਵਾਰ ਨੇ ਬੇਇਨਸਾਫੀ ਕੀਤੀ ਉੱਥੇ ਜ਼ਮੀਨ ਦੇ ਨਾਮ 'ਤੇ ਉਨ੍ਹਾਂ ਨਾਲ ਦਿਹਾੜੀ ਕਰਕੇ ਇਕੱਠੇ ਕੀਤੇ ਪੈਸੇ ਵੀ ਹੜੱਪ ਲਏ ਜਿਸ ਲਈ ਉਹ ਸਰਕਾਰੇ ਦਰਬਾਰੇ ਅਪੀਲ ਕਰਦੇ ਹੰਭੇ ਹੋਏ ਹਨ | ਉਨ੍ਹਾਂ ਦਾ ਪਿਤਾ ਸੁਖਦੇਵ ਸਿੰਘ ਤੇ ਮਾਤਾ ਜਸਬੀਰ ਕੌਰ ਇਸ ਤੋਂ ਸਦਮੇ 'ਚ ਸਨ ਕਿ ਬੀਤੇ ਦਿਨੀ ਆਏ ਹੜ੍ਹ ਨੇ ਉਨ੍ਹਾਂ 'ਤੇ ਦੁੱਖਾਂ ਦਾ ਹੋਰ ਵੱਡਾ ਪਹਾੜ ਸੁੱਟ ਦਿੱਤਾ | ਉਨ੍ਹਾਂ ਦੇ ਘਰ ਵਿਚ 5-6 ਫੁੱਟ ਤੱਕ ਪਾਣੀ ਚੜ੍ਹ ਆਇਆ, ਜਿਸ ਨਾਲ ਉਨ੍ਹਾਂ ਦੇ 2 ਕਮਰੇ ਢਹਿ ਢੇਰੀ ਹੋ ਗਏ, ਘਰ ਵਿਚੋਂ ਨਿਕਲਣ ਲਈ ਕੋਈ ਵੀ ਰਾਹ ਨਾ ਬਚਿਆ ਤਾਂ ਐਨੇ ਚਿਰ ਨੂੰ ਉਨ੍ਹਾਂ ਦੀ ਮਾਤਾ ਸਖ਼ਤ ਬਿਮਾਰ ਹੋ ਗਈ, ਕਿਸੇ ਤਰ੍ਹਾਂ ਐੱਨ. ਡੀ. ਆਰ. ਐੱਫ. ਦੀ ਟੀਮ ਨਾਲ ਰਾਬਤਾ ਕੀਤਾ ਤਾਂ ਮੰਜੇ 'ਤੇ ਪਾ ਕੇ ਬਿਮਾਰ ਮਾਂ ਨੂੰ ਇਥੋਂ ਬਾਹਰ ਕੱਢਿਆ ਤੇ ਮਾਤਾ ਨੂੰ ਫਤਿਹਗੜ੍ਹ ਚੂੜੀਆਂ ਹਸਪਤਾਲ ਲੈ ਕੇ ਗਏ ਪਰ ਐਨੇ ਚਿਰ ਨੂੰ ਭਾਣਾ ਵਰਤ ਚੁੱਕਾ ਸੀ | ਮਾਤਾ ਦਾ ਅੰਤਿਮ ਸੰਸਕਾਰ ਸਾਡੇ ਨਾਨਕੇ ਪਿੰਡ ਕਿਆਮਪੁਰ ਲਿਜਾ ਕੇ ਕੀਤਾ ਗਿਆ | ਹੁਣ ਉਹ ਘਰ ਵਿਚ 3 ਭਰਾ 1 ਭੈਣ ਤੇ ਪਿਤਾ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹਨ | ਕਿਉਂਕਿ ਘਰ ਦੇ ਆਲੇ ਦੁਆਲੇ ਪਾਣੀ ਹੈ, ਘਰ ਤੱਕ ਜਾਣ ਲਈ ਰਸਤਾ ਨਹੀਂ ਬਚਿਆ | ਉਨ੍ਹਾਂ ਨੇ ਸਮਾਜ ਸੇਵੀ ਜਥੇਬੰਦੀਆਂ ਤੇ ਪੰਜਾਬ ਸਰਕਾਰ ਨੂੰ ਜਿੱਥੇ ਮਾਲੀ ਮਦਦ ਲਈ ਗੁਹਾਰ ਲਗਾਈ ਹੈ ਉੱਥੇ ਉਨ੍ਹਾਂ ਨਾਲ ਬਿਆਨੇ ਦੇ ਨਾਮ 'ਤੇ ਵੱਡੀ ਰਕਮ ਵਸੂਲਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਬੀਬੀ ਜਗਦੀਸ਼ ਕੌਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ <br... ਅਗਲੀ ਖ਼ਬਰ ਪਾਖਰਪੁਰ ਦੇ ਸਰਪੰਚ ਵਲੋਂ ਪਿੰਡ ਦੇ ਵਿਕਾਸ ਕੰਮਾਂ ਲਈ ਕੀਤੀ ਡੀ. ਸੀ. ਅੰਮਿ੍ਤਸਰ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।