ਜੰਡਿਆਲਾ ਗੁਰੂ, 19 ਸਤੰਬਰ (ਪ੍ਰਮਿੰਦਰ ਸਿੰਘ ਜੋਸਨ)-ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅਨਾਜ ਮੰਡੀ ਜੰਡਿਆਲਾ ਗੁਰੂ ਵਿਚ ਝੋਨੇ ਦੀ ਫਸਲ ਦੀ ਸਰਕਾਰੀ ਖਰੀਦ ਸ਼ੁਰੂ ਕਰਾਉਂਦਿਆਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਮੰਡੀਆਂ ਵਿਚੋਂ ਖਰੀਦ ਕਰੇਗੀ | ਉਨ੍ਹਾਂ ਨੇ ਅਧਿਕਾਰੀਆਂ ਨੂੰ ਮੰਡੀ 'ਚ ਕਿਸਾਨਾਂ ਆੜਤੀਆਂ ਨੂੰ ਕੋਈ ਵੀ ਮੁਸ਼ਕਿਲ ਨਾਂ ਆਉਣ ਦੇਣ ਲਈ ਹਦਾਇਤਾਂ ਜਾਰੀ ਕੀਤੀਆਂ | ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਇਸ ਵਾਰ ਝੋਨੇ ਦੀ ਖਰੀਦ ਪਿਛਲੇ ਸਾਲ ਨਾਲੋਂ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 17% ਨਮੀ ਵਾਲਾ ਝੋਨਾ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਹ ਜਲਦੀ ਵਿਕ ਸਕੇ ਤੇ ਕਿਸਾਨ ਛੇਤੀ ਵਿਹਲੇ ਹੋ ਜਾਣ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫਸਲ ਨੂੰ ਸਮੇਂ ਸਿਰ ਖਰੀਦ ਕੇ 48 ਘੰਟਿਆਂ ਦੇ ਵਿਚ-ਵਿਚ ਭੁਗਤਾਨ ਵੀ ਕਰ ਦਿੱਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਮਨਦੀਪ ਸਿੰਘ ਸੰਧੂ, ਮਾਰਕੀਟ ਕਮੇਟੀ ਦੇ ਐੱਮ. ਡੀ. ਰਮਨਦੀਪ ਸਿੰਘ ਥਿੰਦ, ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਸੈਕਟਰੀ ਸੁਖਜੀਤ ਸਿੰਘ, ਚੇਅਰਮੈਨ ਸੂਬੇਦਾਰ ਸ਼ਨਾਖ ਸਿੰਘ, ਚੇਅਰਮੈਨ ਗੁਰਵਿੰਦਰ ਸਿੰਘ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਪਾਸੀ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਰਜੀਤ ਸਿੰਘ ਕੰਗ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਰਜਾ, ਸਰਬਜੀਤ ਸਿੰਘ ਭਲਵਾਨ, ਰਜਿੰਦਰ ਸਲਵਾਨ, ਰਕੇਸ਼ ਰਕੇਸ਼ ਕੁਮਾਰ ਗੋਲਡੀ, ਨਵਦੀਪ ਸਿੰਘ ਨੀਟਾ, ਮਨੀ ਮਿਗਲਾਨੀ, ਸੁਰਿੰਦਰ ਸੇਠ, ਨਿਸ਼ਾਨ ਸਿੰਘ, ਪਰਗਟ ਸਿੰਘ ਹਾਜ਼ਰ ਸਨ |