ਮਜੀਠਾ, 19 ਸਤੰਬਰ (ਜਗਤਾਰ ਸਿੰਘ ਸਹਿਮੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਸੂਬਾ ਪ੍ਰਧਾਨ - ਹਰਜੀਤ ਕੌਰ ਪੰਜੋਲਾ, ਸੂਬਾਈ ਜਨਰਲ ਸਕੱਤਰ ਸੁਭਾਸ਼ ਰਾਣੀ ਤੇ ਸਮੁੱਚੀ ਸੂਬਾ ਕਮੇਟੀ ਦੇ ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਹਰੀਆਂ ਦੀ ਅਗਵਾਈ ਹੇਠ ਮਜੀਠਾ ਵਿਖੇ ਇੱਕ ਇਕੱਤਰਤਾ ਕਰਕੇ ਪੰਜਾਬ ਤੇ ਕੇਂਦਰ ਦੀ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਹਰੀਆਂ ਨੇ ਕਿਹਾ ਕਿ ਆਈ.ਸੀ.ਡੀ.ਐੱਸ. ਸਕੀਮ ਪੰਜਾਹ ਵਰ੍ਹੇ ਪੂਰੇ ਕਰ ਚੁੱਕੀ ਹੈ ਇਕ ਪਾਸੇ ਤਾਂ ਇਹ ਸਕੀਮ ਅਪਣੀ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ ਤੇ ਦੂਜੇ ਪਾਸੇ ਇਸ ਵਿਚ ਕੰਮ ਕਰਨ ਵਾਲੀਆਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਅੱਜ ਵੀ ਨਿਗੁਣੇ ਜਿਹੇ ਮਾਣਭੱਤੇ ਵਿਚ ਕੰਮ ਕਰਨ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਵਲੋਂ ਵਿਭਾਗ ਦੇ ਸਕੱਤਰ ਨੂੰ ਬੀਤੇ ਦਿਨ ਮੰਗਾਂ ਬਾਰੇ ਨੋਟਿਸ ਭੇਜਦੇ ਹੋਏ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ 28 ਸਤੰਬਰ ਤਕ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਂਗਣਵਾੜੀ ਵਰਕਰਾਂ ਵਲੋਂ ਕਲਮ ਛੋੜ ਹੜਤਾਲ 'ਤੇ ਜਾਂਦੇ ਹੋਏ ਪੋਸ਼ਣ ਟਰੈਕ ਐਪ ਨੂੰ ਸੰਪੂਰਨ ਬੰਦ ਕੀਤਾ ਜਾਵੇਗਾ | ਇਸ ਮੌਕੇ ਤੇ ਚਰਨਜੀਤ ਕੌਰ ਡੱਡੀਆਂ, ਅਮਨ ਮਜੀਠਾ, ਹਰਪਿੰਦਰ ਤਲਵੰਡੀ, ਗੁਰਜੀਤ ਕੌਰ ਕੱਥੂਨੰਗਲ, ਮਨਜੀਤ ਕੌਰ ਅਬਦਾਲ, ਮਮਤਾ ਥ੍ਰੀਏਵਾਲ, ਪਰਮਜੀਤ ਕੌਰ ਕਲੇਰ, ਪ੍ਰੀਤੀ ਹਰੀਆਂ, ਸਤਿੰਦਰ ਕੌਰ ਵੇਗੇਵਾਲ, ਸੁਰਿੰਦਰ ਕੌਰ ਦਾਦੂਪਰਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |