ਪਟਿਆਲਾ, 29 ਅਗਸਤ (ਗੁਰਵਿੰਦਰ ਸਿੰਘ ਔਲਖ)-ਕਿਰਤੀ ਕਿਸਾਨ ਯੂਨੀਅਨ ਵਲੋਂ ਕਿਸਾਨ ਆਗੂ ਦਵਿੰਦਰ ਸਿੰਘ ਪੂਨੀਆ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਨੂੰ ਸੂਬਾ ਕਮੇਟੀ ਦੇ ਪ੍ਰੋਗਰਾਮ ਤਹਿਤ ਹੜ੍ਹ ਪੀੜਤਾਂ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਫੌਰੀ ਮੁਅਵਜਾ ਦੇਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਦੇ ਨੁਮਾਇੰਦਾ ਡੀ.ਡੀ.ਪੀ.ਓ. ਨੂੰ ਮੰਗ ਪੱਤਰ ਸੌਂਪਿਆ ਗਿਆ | ਮੰਗ ਪੱਤਰ ਵਿਚ ਹੜ੍ਹ ਪੀੜਤ ਲਈ ਜਾਨੀ ਨੁਕਸਾਨ ਲਈ ਵੀਹ ਲੱਖ, ਫਸਲਾਂ ਦੇ ਮਾਰੇ ਜਾਣ ਲਈ ਇਕ ਏਕੜ ਲਈ ਪੰਜਾਹ ਹਜ਼ਾਰ, ਮਜ਼ਦੂਰ ਦੇ ਮਾਲੀ ਨੁਕਸਾਨ ਲਈ ਪੱਚੀ ਹਜ਼ਾਰ, ਪਸ਼ੂਆਂ ਦੇ ਮਰ ਜਾਣ ਤੇ ਇਕ ਪਸ਼ੂ ਮੱਝ ਲਈ ਇਕ ਲੱਖ ਤੇ ਛੋਟੇ ਪਸ਼ੂ ਲਈ ਪੰਚੀ ਤੋਂ ਪੰਜਾਹ ਹਜ਼ਾਰ ਮੁਆਵਜੇ ਦੀ ਮੰਗ ਕੀਤੀ, ਹੜ੍ਹਾਂ ਤੇ ਹੋਰ ਕੁਦਰਤੀ ਆਫਤਾਂ ਦੇ ਮੁਆਵਜੇ ਲਈ ਸਾਰਥਕ ਨੀਤੀ ਬਣਾਉਣ, ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਤਹਿਤ ਹੱਲ ਕਰਨ, ਹਰ ਖੇਤ ਲਈ ਨਹਿਰੀ ਤੇ ਹਰ ਘਰ ਲਈ ਪੀਣ ਵਾਲਾ ਸਾਫ ਪਾਣੀ ਦੇਣ, ਰਾਜ ਦੇ ਸਾਰੇ ਡੈਮਾਂ ਤੋਂ ਲਗਾਤਾਰ ਸਾਰਾ ਸਾਲ ਬਰਾਬਰ ਯੋਗ ਮਾਤਰਾ ਵਿਚ ਪਾਣੀ ਛੱਡਿਆ ਜਾਣਾ ਯਕੀਨੀ ਬਣਾਏ ਜਾਣ, ਭਾਰਤ ਮਾਲ਼ਾ ਸੜਕਾਂ ਦੇ ਡਿਜ਼ਾਈਨ ਵਿਚ ਠੀਕ ਤੇ ਸਹੀ ਨਿਕਾਸ ਦਾ ਪ੍ਰਬੰਧ ਆਦਿ ਮੰਗਾਂ ਸ਼ਾਮਲ ਹਨ | ਇਸ ਦੇ ਨਾਲ ਹੀ ਪਾਤੜਾਂ ਦੇ ਝੰਬੋ ਚੋਅ ਦੀ ਤਬਾਹੀ ਲਈ ਫਸਲਾਂ ਦਾ ਮੁਆਵਜੇ ਅਤੇ ਪਟਿਆਲਾ ਦੀਆਂ ਦੋਵੇਂ ਨਦੀਆਂ ਤੁਰੰਤ ਸਫਾਈ ਤੇ ਪਾਣੀ ਦੀ ਨਿਕਾਸੀ ਅਤੇ ਨਕਲੀ ਖਾਦਾਂ ਦਾ ਮਾਮਲਾ ਉਠਾਉਂਦੇ ਹੋਏ ਨਕਲੀ ਖਾਦਾਂ ਦੇ ਸਟਾਕ ਨੂੰ ਖਾਲੀ ਕਰਵਾ ਕੇ ਸਹੀ ਖਾਦ ਸਟੋਰਾਂ ਵਿਚ ਲਵਾਉਣ ਲਈ ਸਥਾਨਕ ਪ੍ਰਸ਼ਾਸਨ ਤੋਂ ਹੱਲ ਮੰਗਿਆ | ਇਸ ਮੌਕੇ ਦਲਜਿੰਦਰ ਸਿੰਘ ਹਰਿਆਊ, ਹਰਵਿੰਦਰ ਸਿੰਘ ਗਿੱਲ, ਜਸਵੀਰ ਸਿੰਘ ਫਤਿਹਪੁਰ, ਕੁਲਬੀਰ ਸਿੰਘ ਟੋਡਰਪੁਰ, ਗੁਰਵਿੰਦਰ ਸਿੰਘ ਦੇਧਨਾ, ਰਘਵੀਰ ਸਿੰਘ ਨਿਆਲ, ਸ਼ੇਰ ਸਿੰਘ ਕਾਕੜਾ, ਸੁਰਿੰਦਰ ਸਿੰਘ ਖਾਲਸਾ, ਆਦਿ ਕਿਸਾਨ ਆਗੂ ਅਤੇ ਵੱਡੀ ਗਿਣਤੀ ਵਿਚ ਕਿਸਾਨ ਸ਼ਾਮਲ ਹੋਏ | ਡੀ. ਡੀ.ਪੀ.ਓ. ਪਟਿਆਲਾ ਵਲੋਂ ਮੰਗ ਪੱਤਰ ਪ੍ਰਾਪਤ ਕਰਨ ਉਪਰੰਤ ਮੰਗ ਪੱਤਰ ਮੁਖ ਮੰਤਰੀ ਪੰਜਾਬ ਸਰਕਾਰ ਨੂੰ ਭੇਜਣ ਸਹਿਤ ਸਥਾਨਕ ਮਾਮਲੇ ਤੁਰੰਤ ਨਿਪਟਾਏ ਜਾਣ ਦਾ ਵਿਸ਼ਵਾਸ਼ ਦਿਵਾਇਆ ਗਿਆ |