25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

'ਮਹਾਨ ਕੋਸ਼' ਦੀਆਂ ਕਾਪੀਆਂ ਨੂੰ ਮਿੱਟੀ ਵਿਚ ਦੱਬੇ ਜਾਣ ਦੇ ਮਾਮਲਾ- ਗੋਇੰਦਵਾਲ ਸਾਹਿਬ ਲਿਜਾਈਆਂ ਜਾਣਗੀਆਂ 'ਮਹਾਨ ਕੋਸ਼' ਦੀਆਂ ਕਾਪੀਆਂ <br/>

ਅਜੀਤ ਡੈਸਕ 30-08-2025
ਪਟਿਆਲਾ, 29 ਅਗਸਤ (ਕੁਲਵੀਰ ਸਿੰਘ ਧਾਲੀਵਾਲ)-'ਮਹਾਨ ਕੋਸ਼' ਦੀਆਂ ਕਾਪੀਆਂ ਨੂੰ ਮਿੱਟੀ ਵਿਚ ਦੱਬ ਕੇ ਨਸ਼ਟ ਕਰਨ ਦੇ ਮਾਮਲੇ ਵਿਚ ਯੂਨੀਵਰਸਿਟੀ ਦੇ ਉੱਪ-ਕੁਲਪਤੀ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਸਿੰਘ ਅਤੇ ਇੰਚਾਰਜ ਪਬਲੀਕੇਸ਼ਨ ਬਿਊਰੋ ਡਾ. ਹਰਜਿੰਦਰ ਸਿੰਘ ਕਾਲੜਾ ਦੇ ਵਿਰੁੱਧ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਮਨਵਿੰਦਰ ਸਿੰਘ, ਨਿਰਮਲਜੀਤ ਸਿੰਘ, ਯਾਦਵਿੰਦਰ ਸਿੰਘ, ਮਨਦੀਪ ਸਿੰਘ, ਸਾਹਿਲਦੀਪ ਸਿੰਘ, ਕੁਲਦੀਪ ਸਿੰਘ ਅਤੇ ਬਲਵਿੰਦਰ ਸਿੰਘ ਵਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ |
'ਮਹਾਨ ਕੋਸ਼' ਦੀ ਬੇਅਦਬੀ ਕਰਨ ਕਰਵਾਉਣ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਸੁਰਜੀਤ ਸਿੰਘ ਗੜ੍ਹੀ
ਪੰਜਾਬੀ 'ਵਰਸਿਟੀ ਵਿਖੇ 'ਮਹਾਨ ਕੋਸ਼' ਦੀ ਹੋਈ ਬੇਅਦਬੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਖ਼ਤ ਨੋਟਿਸ ਲਿਆ ਗਿਆ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਦੀ ਅਗਵਾਈ 'ਚ ਇਕ ਵਿਸ਼ੇਸ਼ ਵਫ਼ਦ ਪੰਜਾਬੀ ਯੂਨੀਵਰਸਿਟੀ ਵਿਖੇ ਪਹੁੰਚਿਆ ਅਤੇ ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ | ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਪਹੁੰਚੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੇ ਪਸ਼ਚਾਤਾਪ ਦੀ ਅਰਦਾਸ ਕਰਦਿਆਂ ਸੇਵਾ ਅਰੰਭ ਕਰਵਾਈ ਅਤੇ 'ਮਹਾਨ ਕੋਸ਼' ਦੀਆਂ ਕਾਪੀਆਂ ਨੂੰ ਸਸਕਾਰ ਲਈ ਗੋਇੰਦਵਾਲ ਸਾਹਿਬ ਲੈ ਜਾਣ ਲਈ ਸਮੇਟਣ ਦੀ ਕਾਰਵਾਈ ਆਰੰਭੀ | ਇਸ ਮੌਕੇ ਯੂਨਾਇਟਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਸੁਰਜੀਤ ਸਿੰਘ ਗੜ੍ਹੀ ਅਤੇ ਹੋਰਨਾਂ ਮੈਂਬਰਾਂ ਵਲੋਂ ਸਾਥ ਲਈ ਧੰਨਵਾਦ ਕੀਤਾ ਗਿਆ | ਫੈਡਰੇਸ਼ਨ ਆਗੂ ਮਨਦੀਪ ਸਿੰਘ, ਨਿਰਮਲ ਸਿੰਘ, ਯੂਨਾਇਟਡ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਜੁਗਰਾਜ ਸਿੰਘ ਮਝੈਲ , ਯਾਦਵਿੰਦਰ ਸਿੰਘ ਤੋਂ ਇਸ ਮੌਕੇ ਗਿਆਨੀ ਅਵਤਾਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ, ਭਾਗ ਸਿੰਘ ਮੈਨੇਜਰ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਪਟਿਆਲਾ, ਮਨਜੀਤ ਸਿੰਘ ਮੈਨੇਜਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ, ਬਲਰਾਜ ਸਿੰਘ ਫੈਡਰੇਸ਼ਨ ਆਗੂ, ਸਰਬਜੀਤ ਸਿੰਘ ਰਿਕਾਰਡ ਕੀਪਰ, ਮਨਜੀਤ ਸਿੰਘ ਰਿਕਾਰਡ ਕੀਪਰ, ਭਾਈ ਪਰਵਿੰਦਰ ਸਿੰਘ ਬਰਾੜਾ ਪ੍ਰਚਾਰਕ, ਭਾਈ ਪਰਵਿੰਦਰ ਸਿੰਘ ਰਿਉਂਦ ਪ੍ਰਚਾਰਕ, ਭਾਈ ਲਖਵਿੰਦਰ ਸਿੰਘ ਅਜਰਾਵਰ ਪ੍ਰਚਾਰਕ, ਭਾਈ ਜਸਬੀਰ ਸਿੰਘ ਐੱਮ.ਏ. ਪ੍ਰਚਾਰਕ, ਭਾਈ ਗੁਰਪਿਆਰ ਸਿੰਘ ਜੌਹਰ ਢਾਡੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਮੌਜੂਦ ਸਨ |
ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਘਟਨਾ ਸੰਬੰਧੀ ਸਮੁੱਚੀ ਕੌਮ ਤੋਂ ਮੰਗੀ ਮੁਆਫ਼ੀ
ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਜਾਰੀ ਇੱਕ ਪੱਤਰ ਵਿਚ ਇਸ ਘਟਨਾ 'ਤੇ ਅਫ਼ਸੋਸ ਜ਼ਾਹਿਰ ਕਰਦਿਆਂ ਇਸ ਨੂੰ ਅਨਜਾਣੇ ਵਿਚ ਹੋਈ ਭੁੱਲ ਦਸਿਆ ਗਿਆ ਹੈ | ਉਨ੍ਹਾਂ ਕਿਹਾ ਹੈ ਕਿ ਯੂਨੀਵਰਸਿਟੀ ਮੁਖੀ ਹੋਣ ਦੇ ਨਾਤੇ ਮੈਂ ਇਸ ਘਟਨਾ ਲਈ ਸਮੁੱਚੀ ਕੌਮ ਤੋਂ ਮੁਆਫ਼ੀ ਮੰਗਦਾ ਹਾਂ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਪਿੱਛੇ ਇਰਾਦਾ ਇਹ ਸੀ ਕਿ ਭਵਿੱਖ ਵਿਚ ਕਦੇ ਵੀ ਕੋਈ ਇਨ੍ਹਾਂ ਕਾਪੀਆਂ ਨੂੰ ਮੁੜ ਵਿੱਕਰੀ ਲਈ ਵਰਤ ਸਕਦਾ ਹੈ | ਉਨ੍ਹਾਂ ਕਿਹਾ ਕਿ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਇਸ ਕਾਰਜ ਨੂੰ ਸਿੱਖ ਮਰਿਆਦਾ ਤਹਿਤ ਨੇਪਰੇ ਚਾੜ੍ਹਨ ਲਈ ਵਚਨਬੱਧ ਹੈ |
'ਮਹਾਨ ਕੋਸ਼' ਦੀਆਂ ਕਾਪੀਆਂ ਦੀ ਬੇਅਦਬੀ ਅਤਿ ਮੰਦਭਾਗੀ ਘਟਨਾ-ਦਾਦੂਵਾਲ
ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਰੋਸ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ, ਉਪ ਕੁਲਪਤੀ ਡਾ. ਜਗਦੀਪ ਸਿੰਘ ਅਤੇ ਪ੍ਰਬੰਧਕੀ ਸਟਾਫ਼ ਨਾਲ ਗੱਲਬਾਤ ਕਰਕੇ ਜਾਣਕਾਰੀ ਹਾਸਿਲ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਦੂਵਾਲ ਨੇ ਇਸ ਘਟਨਾ ਨੂੰ ਬੇਅਦਬੀ ਘਟਨਾ ਦੱਸਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ ਅਤੇ ਸੰਬੰਧਿਤ ਦੋਸ਼ੀਆਂ 'ਤੇ ਤੁਰੰਤ ਐਕਸ਼ਨ ਲੈਣ ਦੀ ਮੰਗ ਕੀਤੀ |
ਵਿਦਿਆਰਥੀਆਂ ਵਲੋਂ ਅੱਜ ਫਿਰ ਰੋਸ ਪ੍ਰਦਰਸ਼ਨ
'ਮਹਾਨ ਕੋਸ਼' ਦੀਆਂ ਕਾਪੀਆਂ ਨੂੰ ਟੋਆ ਪੁੱਟ ਕੇ ਦਬਾਏ ਜਾਣ ਦੀ ਘਟਨਾ ਦੇ ਸੰਬੰਧ ਵਿਚ ਅੱਜ ਫਿਰ ਪੰਜਾਬੀ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਵਿਦਿਆਰਥੀਆਂ ਦਾ ਕਹਿਣਾ ਸੀ ਕਿ ਪਸ਼ਚਾਤਾਪ ਦੀ ਅਰਦਾਸ ਤੋਂ ਬਾਅਦ ਘਟਨਾ ਸਥਲ 'ਤੇ ਖਿੱਲਰੀਆਂ ਹੋਈਆਂ ਕਾਪੀਆਂ ਨੂੰ ਸਮੇਟਣ ਦਾ ਕੰਮ ਆਰੰਭ ਕੀਤਾ ਗਿਆ | ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਹ ਸਾਰੀ ਗ਼ਲਤੀ ਯੂਨੀਵਰਸਿਟੀ ਪ੍ਰਸ਼ਾਸਨ ਦੀ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨਿਕ ਅਧਿਕਾਰੀ ਅੱਜ ਵੀ ਵਿਦਿਆਰਥੀਆਂ ਨੂੰ ਇਕੱਲੇ ਛੱਡ ਕੇ ਆਪ ਘਟਨਾ ਸਥਲ ਤੋਂ ਗ਼ਾਇਬ ਹੋ ਗਏ ਹਨ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਅਗਲੀ ਖ਼ਬਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਰਾਜਾ ਬੀਰ ਕਲ੍ਹਾਂ ਦੇ ਗ੍ਰਹਿ ਵਿਖੇ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।