ਬਨੂੜ, 29 ਅਗਸਤ (ਭੁਪਿੰਦਰ ਸਿੰਘ)-ਬਨੂੜ ਨੇੜਿਓਾ ਲੰਘਦੇ ਘੱਗਰ ਦਰਿਆ ਵਿਚ ਅੱਜ ਸੱਤ ਘੰਟੇ ਦੇ ਕਰੀਬ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਾਣੀ ਵਹਿੰਦਾ ਰਿਹਾ | ਘੱਗਰ ਦੇ ਕੰਢਿਆਂ ਤੇ ਵਸਦੇ ਪਿੰਡਾਂ ਦੇ ਵਸਨੀਕਾਂ ਵਿਚ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਕਾਫ਼ੀ ਡਰ ਦਾ ਮਾਹੌਲ ਰਿਹਾ ਪਰ ਦੁਪਹਿਰ ਤੋਂ ਬਾਅਦ ਘੱਗਰ ਦਾ ਪਾਣੀ ਲਗਾਤਾਰ ਘਟਣ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ | ਘੱਗਰ ਦਰਿਆ ਵਿਚ ਅੱਜ ਆਇਆ ਪਾਣੀ ਇਸ ਵਰ੍ਹੇ ਦਾ ਸਭ ਤੋਂ ਵੱਧ ਪਾਣੀ ਰਿਕਾਰਡ ਕੀਤਾ ਗਿਆ | ਮਨੌਲੀ ਸੂਰਤ ਤੇ ਹੋਰ ਕਈਾ ਪਿੰਡਾਂ ਦੇ ਕਿਸਾਨਾਂ ਵਲੋਂ ਘੱਗਰ ਦਰਿਆ ਦੇ ਬੰਨ੍ਹ ਤੋਂ ਅੰਦਰਲੇ ਹਿੱਸੇ ਵਿਚ ਬੀਜੀ ਗਈ ਚਰੀ ਤੇ ਹੋਰ ਫ਼ਸਲਾਂ ਵਿਚ ਵੀ ਪਾਣੀ ਭਰ ਗਿਆ | ਪਿੰਡਾਂ ਦੇ ਵਸਨੀਕ ਘੱਗਰ ਦਰਿਆ ਦੇ ਪੁਲਾਂ 'ਤੇ ਖੜ੍ਹ ਕੇ ਪਾਣੀ ਦਾ ਜਾਇਜ਼ਾ ਲੈਂਦੇ ਵੇਖੇ ਗਏ | ਘੱਗਰ ਦਰਿਆ ਦੇ ਪਾਣੀ ਨੂੰ ਮਾਪਣ ਵਾਲੇ ਪਿੰਡ ਭਾਂਖਰਪੁਰ ਦੇ ਸਿੰਜਾਈ ਵਿਭਾਗ ਦੇ ਅਮਲੇ ਤੋਂ ਹਾਸਿਲ ਕੀਤੀ ਜਾਣਕਾਰੀ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਸੀ |