16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੰਜਾਬੀ 'ਵਰਸਿਟੀ ਵਿਖੇ ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸਮਾਰੋਹ ਕਰਵਾਇਆ

ਅਜੀਤ ਡੈਸਕ 21-09-2025
ਪਟਿਆਲਾ, 20 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ 'ਪ੍ਰੋ. ਤਾਰਾ ਸਿੰਘ ਪਟਿਆਲਾ ਸੰਗੀਤ ਸਮਾਰੋਹ' ਸਫਲਤਾਪੂਰਵਕ ਸੰਪੰਨ ਹੋ ਗਿਆ ਹੈ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵਲੋਂ ਕਰਵਾਇਆ ਗਿਆ ਇਹ ਸਮਾਰੋਹ ਪ੍ਰੋ. ਤਾਰਾ ਸਿੰਘ ਦੇ ਜਨਮ ਦਿਵਸ ਮੌਕੇ ਕਰਵਾਇਆ ਗਿਆ | ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਇਸ ਸੰਮੇਲਨ ਦੀ ਪ੍ਰਧਾਨਗੀ ਕਰਦਿਆਂ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਇਸ ਗੱਲ 'ਤੇ ਮਾਣ ਹੈ ਕਿ ਇਸ ਨੇ ਪ੍ਰੋ. ਤਾਰਾ ਸਿੰਘ ਵਰਗੀਆਂ ਸ਼ਖ਼ਸੀਅਤਾਂ ਪੈਦਾ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਪ੍ਰੋ. ਤਾਰਾ ਸਿੰਘ ਦੇ ਆਪਣੇ ਵਿਸ਼ੇ ਸੰਗੀਤ ਸੰਬੰਧੀ ਸਮਰਪਣ ਅਤੇ ਮੁਹਾਰਤ ਤੋਂ ਅੱਜ ਦੇ ਸਮੂਹ ਅਧਿਆਪਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਹ ਵੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਵਿਚ ਸੰਗੀਤ ਨੂੰ ਇਕ ਅਕਾਦਮਿਕ ਵਿਸੇ ਵਜੋਂ ਸ਼ੁਰੂ ਕਰਵਾਉਣ ਵਾਲੀ ਇਸ ਸ਼ਖ਼ਸੀਅਤ ਦੀਆਂ ਸਭ ਤੋਂ ਵਧੇਰੇ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਿਤ ਕੀਤੀਆਂ ਹੋਈਆਂ ਹਨ | ਸਮਾਗਮ ਦਾ ਆਰੰਭ ਗੁਰਮਤਿ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵਲੋਂ ਰਾਜਦੀਪ ਕਲੇਟ ਦੀ ਨਿਗਰਾਨੀ ਵਿਚ ਪ੍ਰੋ. ਤਾਰਾ ਸਿੰਘ ਵਲੋਂ ਸੁਰਲਿਪੀਬੱਧ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਬਦ ਕੀਰਤਨ ਨਾਲ ਹੋਇਆ | ਚੇਅਰ ਇੰਚਾਰਜ ਪ੍ਰੋ. ਅਲੰਕਾਰ ਸਿੰਘ ਨੇ ਦੱਸਿਆ ਕਿ ਪ੍ਰੋ. ਤਾਰਾ ਸਿੰਘ ਦੇ ਪਰਿਵਾਰ ਵਲੋਂ ਪੰਜਾਬੀ ਯੂਨੀਵਰਸਿਟੀ ਨੂੰ ਇੰਡੋਮੈਂਟ ਫ਼ੰਡ ਵਜੋਂ ਦਸ ਲੱਖ ਰੁਪਏ ਦੀ ਮਦਦ ਦਿੱਤੀ ਹੋਈ ਹੈ ਜਿਸ ਦੇ ਵਿਆਜ ਨਾਲ ਹਰ ਸਾਲ ਇਹ ਸੰਗੀਤ ਸਮਾਰੋਹ ਕਰਵਾਇਆ ਜਾਂਦਾ ਹੈ | ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਡਾ. ਨਿਵੇਦਿਤਾ ਸਿੰਘ ਨੇ ''ਗੁਰਮਤਿ ਸੰਗੀਤਾਚਾਰੀਆ ਪ੍ਰੋ. ਤਾਰਾ ਸਿੰਘ ਦੁਆਰਾ ਸੁਰਬੱਧ ਗੁਰੂ ਤੇਗ ਬਹਾਦਰ ਬਾਣੀU ਵਿਸ਼ੇ 'ਤੇ ਵਿਖਿਆਨ ਦਿੰਦਿਆਂ ਪਾਤਸ਼ਾਹੀ ਨੌਵੀਂ ਦੀ ਬਾਣੀ ਦਾ ਵੱਖ-ਵੱਖ ਨਿਰਧਾਰਿਤ ਰਾਗਾਂ ਅਧੀਨ ਗਾਇਨ ਕੀਤਾ | ਇਸ ਮੌਕੇ ਸੰਗੀਤ ਅਧਿਆਪਕ ਜਸਪਾਲ ਸਿੰਘ ਦੀ ਪੁਸਤਕ ''ਗੁਰੂ ਨਾਨਕ ਦੇਵ ਜੀ ਦੀ ਸੰਪੂਰਨ ਬਾਣੀ ਸ਼ਬਦ ਸੁਰ ਰਚਨਾਵਲੀU (ਭਾਗ-ਪਹਿਲਾ ਅਤੇ ਦੂਜਾ) ਦਾ ਲੋਕ ਅਰਪਣ ਕੀਤਾ ਗਿਆ ਅਤੇ ਖ਼ਾਲਸਾ ਪ੍ਰਚਾਰ ਮਿਸ਼ਨ ਵਲੋਂ ਆਪ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਪ੍ਰੋ. ਤਾਰਾ ਸਿੰਘ ਦੇ ਪ੍ਰਮੁੱਖ ਸ਼ਗਿਰਦ ਡਾ. ਜਬਰਜੰਗ ਸਿੰਘ ਨੇ ਪ੍ਰੋ. ਸਾਹਿਬ ਦੀਆਂ ਸਿਮ੍ਰਤੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ | ਮੁੱਖ ਮਹਿਮਾਨ ਵਜੋਂ ਪ੍ਰੋ. ਤਾਰਾ ਸਿੰਘ ਦੀ ਪੁੱਤਰੀ ਕਮਲਨੈਨ ਕੌਰ ਸੋਹਲ ਨੇ ਆਪਣੀ ਨੂੰ ਹ ਡਾ. ਕੀਰਤੀ ਸਹਿਤ ਸ਼ਿਰਕਤ ਕੀਤੀ | ਸੈਂਟਰ ਦੇ ਇੰਚਾਰਜ ਡਾ. ਪਰਮੀਤ ਕੌਰ ਨੇ ਧੰਨਵਾਦੀ ਸ਼ਬਦ ਕਹੇ | ਇਸ ਮੌਕੇ ਡਾ. ਹਿੰਮਤ ਸਿੰਘ, ਡਾ. ਸੁਰਜੀਤ ਸਿੰਘ ਭੱਟੀ, ਪ੍ਰੋ. ਪਰਮਵੀਰ ਸਿੰਘ, ਰਾਜਪਾਲ ਕੌਰ ਮਸਤ, ਡਾ. ਜਸਬੀਰ ਕੌਰ, ਦਲੀਪ ਸਿੰਘ ਉੱਪਲ, ਡਾ. ਮਨਮੋਹਨ ਸ਼ਰਮਾ, ਡਾ. ਵਨਿਤਾ, ਸਤਵੰਤ ਕੌਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਬੇਬੀ ਕਾਨਵੈਂਟ ਸਕੂਲ ਬਨੂੜ ਨੇ ਅਥਲੈਟਿਕਸ ਮੀਟ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਪਿੰਡ ਮੰਡੌਰ ਵਿਖੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੀ ਹੋਈ ਅਹਿਮ ਬੈਠਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।