18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਾਰਿਸ਼ ਕਾਰਨ ਸੜਕਾਂ 'ਤੇ ਬਣੇ ਡੂੰਘੇ ਖੱਡਿਆਂ ਨੇ ਵਾਹਨ ਚਾਲਕਾਂ ਨੂੰ ਪਾਇਆ ਵਖ਼ਤ

ਅਜੀਤ ਡੈਸਕ 31-08-2025
ਕੋਟਕਪੂਰਾ, 30 ਅਗਸਤ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸ਼ਹਿਰ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੀਆਂ ਸੜਕਾਂ ਥਾਂ-ਥਾਂ ਤੋਂ ਟੁੱਟਣੀਆਂ ਸ਼ੁਰੂ ਹੋ ਜਾਣ ਕਾਰਨ ਆਮ ਰਾਹਗੀਰਾਂ ਤੇ ਵਾਹਨ ਚਾਲਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਰਹੀਆਂ ਹਨ | ਇਸ ਕਾਰਨ ਸੜਕਾਂ 'ਤੇ ਬਹੁਤ ਜ਼ਿਆਦਾ ਡੂੰਘੇ ਖੱਡੇ ਬਣ ਚੁੱਕੇ ਹਨ | ਵੇਖਿਆ ਗਿਆ ਹੈ ਕਿ ਬਹੁਤ ਥਾਵਾਂ 'ਤੇ ਆਸ-ਪਾਸ ਤੋਂ ਸਾਫ਼ ਨਜ਼ਰ ਆ ਸੜਕ 'ਤੇ ਜਦ ਅਚਾਨਕ ਕੋਈ ਡੂੰਘਾ ਖੱਡਾ ਆ ਜਾਂਦਾ ਹੈ ਤਾਂ ਵਾਹਨ ਚਾਲਕਾਂ ਤੋਂ ਇਕਦਮ ਆਪਣਾ ਵਾਹਨ ਸੰਭਾਲਿਆ ਨਹੀਂ ਜਾਂਦਾ, ਇਕਦਮ ਬਰੇਕ ਮਾਰਨ ਕਾਰਨ ਕਈ ਵਾਹਨਾਂ ਦਾ ਨੁਕਸਾਨ ਹੋ ਚੁੱਕਿਆ ਹੈ | ਡੂੰਘੇ ਤੇ ਚੌੜੇ ਹੋ ਚੁੱਕੇ ਖੱਡਿਆਂ ਦੀ ਮਾਰ ਦੁਪਹੀਆ ਵਾਹਨ ਚਾਲਕਾਂ ਨੂੰ ਵੀ ਬਹੁਤ ਜ਼ਿਆਦਾ ਝੱਲਣੀ ਪੈ ਰਹੀ ਹੈ | ਸਥਾਨਕ ਜੈਤੋ ਬਾਈਪਾਸ ਉਪਰ ਥਾਂ-ਥਾਂ ਬਣੇ ਡੂੰਘੇ ਖੱਡੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ 'ਚ ਪਾ ਰਹੇ ਹਨ | ਸਮਾਜ ਸੇਵੀ ਨੌਜਵਾਨ ਅਵਤਾਰ ਸਿੰਘ ਟਿੱਕਾ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਟਰੱਕ ਦੇ ਪਿੱਛੇ-ਪਿੱਛੇ ਜਾ ਰਿਹਾ ਮੋਟਰਸਾਈਕਲ ਸਵਾਰ ਡੂੰਘੇ ਖੱਡੇ 'ਚ ਅਚਾਨਕ ਡਿੱਗਣ ਕਾਰਨ ਲਹੂ-ਲੁਹਾਣ ਹੋ ਗਿਆ, ਜਿਸ ਨੂੰ ਕੋਲੋਂ ਲੰਘ ਰਹੇ ਲੋਕਾਂ ਨੇ ਉਸ ਨੂੰ ਮਸਾਂ ਸੰਭਾਲਿਆ | ਇਸ ਘਟਨਾ 'ਚ ਚੰਗੀ ਗੱਲ ਇਹ ਰਹੀ ਹੈ ਕਿ ਹਾਦਸਾ ਵਾਪਰਨ ਮੌਕੇ ਅੱਗੇ-ਪਿੱਛੇ ਕੋਈ ਹੋਰ ਵਾਹਨ ਨਹੀਂ ਆਇਆ, ਪਰ ਵਾਹਨ ਚਾਲਕ ਦਾ ਮੋਟਰਸਾਈਕਲ ਵੀ ਕਾਫ਼ੀ ਨੁਕਸਾਨਿਆ ਗਿਆ | ਸ਼ਹਿਰ ਦੇ ਐਨ ਵਿਚਕਾਰੋਂ ਲੰਘਣ ਵਾਲੀ ਮੋਗਾ ਸੜਕ 'ਤੇ ਬਣੇ ਬਹੁਤ ਜ਼ਿਆਦਾ ਡੂੰਘੇ ਖੱਡਿਆਂ ਨੂੰ ਸਥਾਨਕ ਪ੍ਰਸ਼ਾਸਨ ਵਲੋਂ ਕੁਝ ਥਾਵਾਂ 'ਤੇ ਭਰਿਆ ਗਿਆ ਹੈ ਤੇ ਅਜੇ ਵੀ ਕਈ ਖੱਡੇ ਭਰਨ ਵਾਲੇ ਰਹਿੰਦੇ ਹਨ | ਇਵੇਂ ਹੀ ਸਥਾਨਕ ਦੇਵੀ ਵਾਲਾ ਸੜਕ 'ਤੇ ਵਾਟਰ ਟ੍ਰੀਟਮੈਂਟ ਪਲਾਟ ਦੇ ਕੋਲ ਬਣੇ ਡੂੰਘੇ ਖੱਡਿਆਂ ਕਾਰਨ ਪਿੰਡਾਂ ਦੇ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ ਤੇ ਪਿਛਲੇ ਕਈ ਮਹੀਨਿਆਂ ਤੋਂ ਇਹ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ | ਇਸ ਸੜਕ ਤੋਂ ਦੇਵੀ ਵਾਲਾ, ਸਿਰਸੜੀ, ਕੋਟਸੁਖੀਆ, ਬੱਗੇਆਣਾ, ਭਲੂਰ, ਬੀੜ ਸਿੱਖਾਂ ਵਾਲਾ, ਨੱਥੇ ਵਾਲਾ, ਨੰਗਲ, ਚਮੇਲੀ, ਸਿੱਖਾਂ ਵਾਲਾ ਸਮੇਤ ਹੋਰ ਕਈ ਪਿੰਡਾਂ ਦੇ ਲੋਕ ਆਵਾਜਾਈ ਕਰਦੇ ਹਨ | ਸਿਰਸੜੀ ਤੋਂ ਦੇਵੀ ਵਾਲਾ, ਕੋਟਸੁਖੀਆ, ਕੋਟਸੁਖੀਆ ਤੋਂ ਚਮੇਲੀ, ਭਲੂਰ, ਨੰਗਲ ਤੋਂ ਚਮੇਲੀ, ਭਾਣਾ ਸਮੇਤ ਹੋਰ ਪਿੰਡਾਂ ਦੀਆਂ ਸੰਪਰਕ ਸੜਕਾਂ ਵੀ ਕਈ ਥਾਵਾਂ ਤੋਂ ਟੁੱਟ ਚੁੱਕੀਆਂ ਹਨ ਅਤੇ ਉਨ੍ਹਾਂ ਉਪਰ ਖੱਡੇ ਬਣਦੇ ਜਾ ਰਹੇ ਹਨ |
ਪਿਛਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ ਦੋ ਮੋਬਾਈਲ ਫ਼ੋਨ ਬਰਾਮਦ ਅਗਲੀ ਖ਼ਬਰ ਕਿਸ਼ੋਰ ਸਿੱਖਿਆ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।