ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਹੋ ਰਹੀ ਭਾਰੀ ਬਾਰਿਸ਼ ਅਤੇ ਸਤਲੁਜ ਤੇ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਵਿਚ ਆ ਚੁੱਕੇ ਹਨ ਜਿਥੇ ਪੰਜਾਬ ਸਰਕਾਰ ਹੜ੍ਹ ਪੀੜਤ ਲੋਕਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਹੀ ਹੈ ਉੱਥੇ ਹੀ ਜਿਹੜੇ ਪਿੰਡਾਂ ਵਿਚ ਡਰੇਨਾਂ ਦੀ ਸਫ਼ਾਈ ਹੋਣ ਵਾਲੀ ਸੀ, ਉਨ੍ਹਾਂ ਪਿੰਡਾਂ ਵਿਚ ਨਹਿਰੀ ਵਿਭਾਗ ਵਲੋਂ ਡਰੇਨਾਂ ਦੀ ਸਫ਼ਾਈ ਜ਼ੋਰਾਂ-ਸ਼ੋਰਾਂ ਨਾਲ ਕਰਵਾਈ ਜਾ ਰਹੀ ਹੈ | ਇਸੇ ਤਹਿਤ ਹਲਕਾ ਨਿਹਾਲ ਸਿੰਘ ਵਾਲਾ ਦੇ ਇਤਿਹਾਸਕ ਪਿੰਡ ਦੀਨਾ ਸਾਹਿਬ ਦੀ ਡਰੇਨ 'ਚ ਭਾਰੀ ਬੂਟੀ ਫਸਣ ਕਾਰਨ ਜਿਥੇ ਪਾਣੀ ਦੀ ਬਲਾਕੇਜ ਹੋ ਰਹੀ ਸੀ ਉੱਥੇ ਹੀ ਡਰੇਨ ਦੇ ਕਿਨਾਰੇ ਟੁੱਟ ਕੇ ਕਿਸਾਨਾਂ ਦੀਆਂ ਫ਼ਸਲਾਂ ਡੁੱਬਣ ਦਾ ਵੀ ਡਰ ਬਣਿਆ ਹੋਇਆ ਸੀ | ਪੰਜਾਬ ਸਰਕਾਰ ਦੇ ਡਰੇਨੇਜ ਵਿਭਾਗ ਵਲੋਂ ਕੋਪਲੇਨ ਮਸ਼ੀਨ ਭੇਜ ਕੇ ਪਟਵਾਰੀ ਗੁਰਮੀਤ ਸਿੰਘ, ਸਰਪੰਚ ਰਣਜੀਤ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਪੰਚਾਇਤ ਮੈਂਬਰ ਅਮਨਦੀਪ ਸਿੰਘ ਬਬਲੂ, ਸਤਪਾਲ ਸਿੰਘ ਪੰਚ, ਜਗਰਾਜ ਸਿੰਘ ਪੰਚ, ਪ੍ਰਧਾਨ ਮੇਜਰ ਸਿੰਘ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਨੰਬਰਦਾਰ, ਗੁਰਜੰਟ ਸਿੰਘ, ਜੱਗਾ ਸਿੰਘ, ਪੱਪੀ ਸਿੰਘ, ਸੁਖਚੈਨ ਸਿੰਘ, ਹਰਦੀਪ ਸਿੰਘ ਆਦਿ ਦੀ ਹਾਜ਼ਰੀ ਵਿਚ ਡਰੇਨ ਦੇ ਪੁਲ 'ਚ ਫਸੀ ਸਾਰੀ ਬੂਟੀ ਨੂੰ ਬਾਹਰ ਕੱਢਿਆ | ਇਸ ਮੌਕੇ ਸਾਰੇ ਕਿਸਾਨ ਭਰਾਵਾਂ ਨੇ ਜਿਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਉੱਥੇ ਹੀ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਸਮੇਂ ਸਿਰ ਡਰੇਨ ਦੇ ਪੁਲ ਨੂੰ ਕਲੀਅਰ ਕਰ ਕੇ ਨੁਕਸਾਨ ਹੋਣ ਤੋਂ ਬਚਾਅ ਕੀਤਾ |